Home ਦੇਸ਼ ਸੋਨੀਆ ਗਾਂਧੀ ਨੇ ਲਾਲੂ ਪ੍ਰਸਾਦ ਯਾਦਵ ਨਾਲ ਕੀਤੀ ਮੁਲਾਕਾਤ

ਸੋਨੀਆ ਗਾਂਧੀ ਨੇ ਲਾਲੂ ਪ੍ਰਸਾਦ ਯਾਦਵ ਨਾਲ ਕੀਤੀ ਮੁਲਾਕਾਤ

0

ਨਵੀਂ ਦਿੱਲੀ: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸਵੇਰੇ ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲਾਲੂ ਯਾਦਵ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਦੋਵਾਂ ਆਗੂਆਂ ਵਿਚਾਲੇ ਕਈ ਮੁੱਦਿਆਂ ’ਤੇ ਗੱਲਬਾਤ ਹੋਈ। ਮੁਲਾਕਾਤ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਮਿਲਣੀ ਦੌਰਾਨ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ।

ਇਸ ਮੌਕੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਸੋਨੀਆ ਗਾਂਧੀ ਵੱਲੋਂ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਕੇ ਸਿਹਤ ਦਾ ਹਾਲ ਜਾਣਨ ਦੀ ਜਾਣਕਾਰੀ ਲਾਲੂ ਯਾਦਵ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ।

ਲਾਲੂ ਪ੍ਰਸਾਦ ਯਾਦਵ ਨੇ ਐਕਸ ’ਤੇ ਮੁਲਾਕਾਤ ਦੀਆਂ ਤਸਵੀਰਾਂ ਪੋਸਟ ਕੀਤੀਆਂ। ਉਨ੍ਹਾਂ ਲਿਖਿਆ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਸਿਹਤ ਬਾਰੇ ਜਾਣਕਾਰੀ ਲਈ। ਇਸ ਦੌਰਾਨ ਪੁਰਾਣੇ ਸਮੇਂ ਦੀਆਂ ਕਈ ਯਾਦਾਂ ਵੀ ਸਾਂਝੀਆਂ ਹੋਈਆਂ।

ਉਨ੍ਹਾਂ ਨੇ ਯੂਪੀਏ ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਨੌਜਵਾਨਾਂ, ਕਿਸਾਨਾਂ, ਜਵਾਨਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ। ਉਨ੍ਹਾਂ ਮਨਰੇਗਾ, ਸਿੱਖਿਆ ਦਾ ਅਧਿਕਾਰ (RTE) ਅਤੇ ਸੂਚਨਾ ਦਾ ਅਧਿਕਾਰ (RTI) ਵਰਗੇ ਕਾਨੂੰਨਾਂ ਦਾ ਵੀ ਜ਼ਿਕਰ ਕੀਤਾ।

ਲਾਲੂ ਯਾਦਵ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਬਿਹਾਰ ਦੇ ਵਿਕਾਸ ਲਈ 1 ਲੱਖ 45 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੇ ਜਾਣ ਦੀ ਗੱਲ ਵੀ ਆਪਣੀ ਪੋਸਟ ਵਿੱਚ ਕਹੀ।

ਜ਼ਿਕਰਯੋਗ ਹੈ ਕਿ ਲਾਲੂ ਪ੍ਰਸਾਦ ਯਾਦਵ ਸਿਹਤ ਸਬੰਧੀ ਜਾਂਚਾਂ ਅਤੇ ਇਲਾਜ ਲਈ ਕਈ ਵਾਰ ਸਿੰਗਾਪੁਰ ਜਾ ਚੁੱਕੇ ਹਨ। ਉੱਥੇ ਉਹ ਆਪਣੀ ਧੀ ਰੋਹਿਣੀ ਆਚਾਰਿਆ ਕੋਲ ਵੀ ਰਹਿੰਦੇ ਹਨ।

ਕੁਝ ਸਮਾਂ ਪਹਿਲਾਂ ਰੋਹਿਣੀ ਆਚਾਰਿਆ ਨੇ ਵੀ ਸੋਸ਼ਲ ਮੀਡੀਆ ’ਤੇ ਆਪਣੇ ਪਿਤਾ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਲਾਲੂ ਯਾਦਵ ਨਾਲ ਸਵੇਰ ਦੀ ਸੈਰ ਵਾਲੀ ਵੀਡੀਓ ਪੋਸਟ ਕਰਦਿਆਂ ਪਿਤਾ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਜ਼ਾਹਰ ਕੀਤਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version