Home ਰਾਜਸਥਾਨ ਐੱਸ.ਓ.ਜੀ. ਅਧਿਕਾਰੀ 2 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਐੱਸ.ਓ.ਜੀ. ਅਧਿਕਾਰੀ 2 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

0

ਜੈਪੁਰ: ਰਾਜਸਥਾਨ ਐਂਟੀ-ਕਰੱਪਸ਼ਨ ਬਿਊਰੋ (ਏ.ਸੀ.ਬੀ.) ਦੀ ਇੱਕ ਟੀਮ ਨੇ ਬੀਤੇ ਦਿਨ ਉਦੈਪੁਰ ਵਿੱਚ ਇੱਕ ਵਿਚੋਲੇ ਨੂੰ 2 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏ.ਸੀ.ਬੀ. ਨੇ ਇਸ ਮਾਮਲੇ ਦੇ ਸਬੰਧ ਵਿੱਚ ਉਦੈਪੁਰ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ (ਐੱਸ.ਓ.ਜੀ.) ਦੇ ਵਧੀਕ ਪੁਲਿਸ ਸੁਪਰਡੈਂਟ (SOG) ਮੁਕੇਸ਼ ਕੁਮਾਰ ਸੋਨੀ ਨੂੰ ਵੀ ਹਿਰਾਸਤ ਵਿੱਚ ਲਿਆ ਹੈ।

ਏ.ਸੀ.ਬੀ. ਦੇ ਡਾਇਰੈਕਟਰ ਜਨਰਲ ਗੋਵਿੰਦ ਗੁਪਤਾ ਨੇ ਬੀਤੀ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਮੁਲਜ਼ਮ ਵਿਚੋਲੇ ਦੀ ਪਛਾਣ ਸੱਜਣ ਸਿੰਘ ਜੈਨ ਉਰਫ਼ ‘ਤਤਲਾ’ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੰਘ, ਐੱਸ.ਓ.ਜੀ. ਦੇ ਵਧੀਕ ਐੱਸ.ਪੀ. ਮੁਕੇਸ਼ ਕੁਮਾਰ ਸੋਨੀ ਦੀ ਤਰਫੋਂ ਰਿਸ਼ਵਤ ਦੀ ਰਕਮ ਇਕੱਠੀ ਕਰ ਰਿਹਾ ਸੀ।

ਬਿਆਨ ਅਨੁਸਾਰ, ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਦੈਪੁਰ ਨਗਰ ਨਿਗਮ ਦੇ 272 ਪਲਾਟਾਂ ਨਾਲ ਜੁੜੇ ਇੱਕ ਹਾਈ-ਪ੍ਰੋਫਾਈਲ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਦਰਜ ਕੇਸਾਂ ਵਿੱਚ ਰਾਹਤ ਦਿਵਾਉਣ, ਹੋਰ ਸਬੰਧਤ ਕੇਸਾਂ ਵਿੱਚ ਉਨ੍ਹਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਾ ਕਰਨ ਅਤੇ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਦੇ ਘਰਾਂ ਤੋਂ ਜ਼ਬਤ ਕੀਤੇ ਦਸਤਾਵੇਜ਼ ਵਾਪਸ ਕਰਨ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਮੰਗ ਵਧੀਕ ਐੱਸ.ਪੀ. ਮੁਕੇਸ਼ ਕੁਮਾਰ ਸੋਨੀ ਵੱਲੋਂ ਵਿਚੋਲੇ ਸੱਜਣ ਸਿੰਘ ਰਾਹੀਂ ਕੀਤੀ ਜਾ ਰਹੀ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏ.ਸੀ.ਬੀ. ਨੇ ਸ਼ਿਕਾਇਤ ਦੀ ਪੜਤਾਲ ਕਰਕੇ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਕੀਤੀ ਅਤੇ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਬੀਤੇ ਦਿਨ ਇਹ ਕਾਰਵਾਈ ਕੀਤੀ।

ਕਾਰਵਾਈ ਦੌਰਾਨ, ਸੱਜਣ ਸਿੰਘ ਨੂੰ ਸ਼ਿਕਾਇਤਕਰਤਾ ਦੀ ਫੈਕਟਰੀ ਵਿੱਚ 2 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਏ.ਸੀ.ਬੀ. ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਮੁਕੇਸ਼ ਕੁਮਾਰ ਸੋਨੀ ਦੀ ਭੂਮਿਕਾ ਸ਼ੱਕੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਾਲੋਤਰਾ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version