ਹੈਦਰਾਬਾਦ: ਹੈਦਰਾਬਾਦ ਦੇ ਗੋਲਕੁੰਡਾ ਵਿੱਚ ਬੀਤੇ ਦਿਨ ਸੋਸ਼ਲ ਮੀਡੀਆ ਪ੍ਰਭਾਵਕ ਮਸੂਦ ਚਾਂਦੀ ਦੀ ਉਨ੍ਹਾਂ ਦੇ ਘਰ ਵਿੱਚ ਅਣਪਛਾਤੇ ਹਮਲਾਵਰਾਂ ਦੁਆਰਾ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਮਸੂਦ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਇਹ ਘਟਨਾ ਬੀਤੀ ਦੁਪਹਿਰ 3:20 ਤੋਂ 3:30 ਦੇ ਵਿਚਕਾਰ ਵਾਪਰੀ।
25 ਸਾਲਾ ਯੂਟਿਊਬਰ ਅਤੇ ਇਲੈਕਟ੍ਰੀਸ਼ੀਅਨ, ਸ਼ੇਖ ਮਹਿਬੂਬ (ਉਰਫ਼ ਚੰਦੀ ਮਸੂਦ) ਦੀ ਬੇਰਹਿਮੀ ਨਾਲ ਹੱਤਿਆ ਨੂੰ ਅੰਜ਼ਾਮ ਦੇਣ ਦਾ ਦੋਸ਼ ਕਿਸੇ ਹੋਰ ‘ਤੇ ਨਹੀਂ , ਬਲਕਿ ਮ੍ਰਿਤਕ ਦੇ ਸਕੇ ਸਾਲੇ ਅਤੇ ਉਨ੍ਹਾਂ ਦੇ ਦੋਸਤਾਂ ‘ਤੇ ਲੱਗਾ ਹੈ । ਪੁਲਿਸ ਦੇ ਡਿਪਟੀ ਕਮਿਸ਼ਨਰ ਕ੍ਰਿਸ਼ਨਾ ਗੌੜ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਦੋਸ਼ੀ ਸ਼ੇਖ ਸੋਹੇਲ (ਮਹਿਬੂਬ ਦੀ ਪਤਨੀ ਦਾ ਭਰਾ) ਆਪਣੇ ਦੋ ਦੋਸਤਾਂ ਅਫੂ ਅਤੇ ਜਬੀਰ ਨਾਲ ਅਚਾਨਕ ਮਹਿਬੂਬ ਦੇ ਘਰ ਦਾਖਲ ਹੋ ਗਿਆ। ਯੋਜਨਾ ਮੁਤਾਬਕ ਇਨ੍ਹਾਂ ਲੋਕਾਂ ਨੇ ਮਹਿਬੂਬ ‘ਤੇ ਛੁਰੇ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਗੰਭੀਰ ਸੱਟਾਂ ਲੱਗਣ ਕਾਰਨ ਮਹਿਬੂਬ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜੀਜੇ ਦੀ ਜਾਨ ਦਾ ਦੁਸ਼ਮਣ ਬਣਿਆ ਸਾਲਾ
ਮ੍ਰਿਤਕ ਮਹਿਬੂਬ ਦਾ ਕਰੀਬ ਡੇਢ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਉਸ ਦਾ ਛੇ ਮਹੀਨੇ ਦਾ ਬੱਚਾ ਵੀ ਹੈ। ਹਾਲ ਹੀ ਵਿੱਚ ਕਿਸੇ ਘਰੇਲੂ ਝਗੜੇ ਕਾਰਨ ਮਹਿਬੂਬ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਉਨ੍ਹਾਂ ਦੇ ਨਾਨਕੇ ਘਰ (ਮਾਪਿਆਂ ਦੇ ਘਰ) ਭੇਜ ਦਿੱਤਾ ਸੀ। ਇਸ ਗੱਲ ਤੋਂ ਉਸ ਦਾ ਸਾਲਾ ਸੋਹੇਲ ਬਹੁਤ ਨਾਰਾਜ਼ ਸੀ ਅਤੇ ਦੋਹਾਂ ਵਿਚਾਲੇ ਗਲਤਫਹਿਮੀ ਅਤੇ ਤਣਾਅ ਕਾਫੀ ਵਧ ਗਿਆ। ਇਸੇ ਗੁੱਸੇ ਕਾਰਨ ਸੋਹੇਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ, ਮ੍ਰਿਤਕ ਦੀ ਮਾਂ ਸ਼ਾਹੀਨ ਦੇ ਪਰਿਵਾਰ ਦੀ ਸ਼ਿਕਾਇਤ ‘ਤੇ, ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 103 (1) (ਕਤਲ) ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਿੰਨ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਇਸ ਦੌਰਾਨ ਮਹਿਬੂਬ ਦੀ ਲਾਸ਼ ਨੂੰ ਪੰਚਨਾਮਾ ਤੋਂ ਬਾਅਦ ਪੋਸਟਮਾਰਟਮ ਲਈ ਉਸਮਾਨੀਆ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ।
