ਓਮਾਨ: ਸਟ੍ਰੇਟ ਆਫ ਹੋਰਮੁਜ਼ ਨੇੜੇ ਇੱਕ ਕਮਰਸ਼ੀਅਲ ਜਹਾਜ਼ ’ਤੇ ਪ੍ਰੋਜੈਕਟਾਈਲ ਨਾਲ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਓਮਾਨ ਦੇ ਤੱਟ ਦੇ ਨੇੜੇ ਪਨਾਮਾ ਦੇ ਝੰਡੇ ਹੇਠ ਚੱਲ ਰਹੇ MT On Peace ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਦੌਰਾਨ ਜਹਾਜ਼ ’ਤੇ ਸਵਾਰ 12 ਕਰੂ ਮੈਂਬਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 11 ਭਾਰਤੀ ਮੂਲ ਦੇ ਦੱਸੇ ਜਾ ਰਹੇ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਜਹਾਜ਼ ’ਤੇ ਕੁੱਲ 19 ਕਰੂ ਮੈਂਬਰ ਮੌਜੂਦ ਸਨ, ਜਿਨ੍ਹਾਂ ਵਿੱਚ 17 ਭਾਰਤੀ ਨਾਗਰਿਕ ਸਨ। ਘਟਨਾ ਤੋਂ ਬਾਅਦ ਓਮਾਨੀ ਅਧਿਕਾਰੀਆਂ ਅਤੇ ਤਟਰੱਖਿਅਕ ਬਲ ਦੀ ਮਦਦ ਨਾਲ ਤੁਰੰਤ ਰਾਹਤ ਅਤੇ ਬਚਾਅ ਕਾਰਵਾਈ ਸ਼ੁਰੂ ਕੀਤੀ ਗਈ।
ਜ਼ਖਮੀ ਕਰੂ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਕੇ ਓਮਾਨ ਦੇ ਖ਼ਸਾਬ ਸ਼ਹਿਰ ਵਿੱਚ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਭਾਰਤ ਸਰਕਾਰ ਨੇ ਤੁਰੰਤ ਸਹਾਇਤਾ ਅਤੇ ਰੈਸਕਿਊ ਆਪਰੇਸ਼ਨ ਲਈ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।
ਭਾਰਤ ਨੇ ਜਹਾਜ਼ ’ਤੇ ਹਮਲੇ ਦੀ ਕੀਤੀ ਨਿੰਦਾ
ਭਾਰਤ ਨੇ ਕਮਰਸ਼ੀਅਲ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖੇਤਰ ਵਿੱਚ ਸਮੁੰਦਰੀ ਜਹਾਜ਼ਾਂ ’ਤੇ ਲਗਾਤਾਰ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ।
ਭਾਰਤ ਨੇ ਸਪੱਸ਼ਟ ਕੀਤਾ ਕਿ ਕਮਰਸ਼ੀਅਲ ਜਹਾਜ਼ਾਂ, ਸਮੁੰਦਰੀ ਕਰਮਚਾਰੀਆਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਾਰਵਾਈਆਂ ਤੁਰੰਤ ਰੋਕੀਆਂ ਜਾਣੀਆਂ ਚਾਹੀਦੀਆਂ ਹਨ। ਨਾਲ ਹੀ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਭਾਰਤ ਨੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ’ਤੇ ਸੁਰੱਖਿਅਤ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ ਨੂੰ ਜਲਦ ਤੋਂ ਜਲਦ ਆਮ ਕਰਨ ਦੀ ਵੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਓਮਾਨ ਨੇੜੇ ਭਾਰਤੀ ਜਹਾਜ਼ ਨੂੰ ਬਣਾਇਆ ਗਿਆ ਸੀ ਨਿਸ਼ਾਨਾ
ਇਸ ਤੋਂ ਪਹਿਲਾਂ 23 ਸਤੰਬਰ ਨੂੰ ਓਮਾਨ ਦੇ ਪੂਰਬੀ ਤੱਟ ਨੇੜੇ ਭਾਰਤ ਆ ਰਹੇ ਕਮਰਸ਼ੀਅਲ ਜਹਾਜ਼ MV Cape Dao ’ਤੇ ਵੀ ਹਮਲਾ ਹੋਇਆ ਸੀ। ਇਸ ਘਟਨਾ ਵਿੱਚ ਇੱਕ ਭਾਰਤੀ ਨਾਵਿਕ ਦੀ ਮੌਤ ਹੋ ਗਈ ਸੀ, ਜਦਕਿ ਜਹਾਜ਼ ’ਤੇ ਮੌਜੂਦ 19 ਹੋਰ ਭਾਰਤੀ ਨਾਵਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।
ਭਾਰਤੀ ਦੂਤਾਵਾਸ ਨੇ ਉਸ ਸਮੇਂ ਓਮਾਨੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਾਰੇ ਭਾਰਤੀ ਨਾਵਿਕਾਂ ਦੀ ਸੁਰੱਖਿਅਤ ਵਾਪਸੀ ਲਈ ਤਾਲਮੇਲ ਕੀਤਾ ਸੀ। ਫੋਰਵਰਡ ਸੀਮੈਨ ਯੂਨੀਅਨ ਆਫ ਇੰਡੀਆ ਮੁਤਾਬਕ ਮ੍ਰਿਤਕ ਨਾਵਿਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਦੇਵਰੀਆ ਵਾਸੀ ਸੂਰਜ ਯਾਦਵ ਵਜੋਂ ਹੋਈ ਸੀ।
ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਸਮੁੰਦਰੀ ਰਸਤਿਆਂ ’ਤੇ ਨਾਵਿਕਾਂ ਅਤੇ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਗੰਭੀਰ ਬਣ ਗਿਆ ਹੈ। ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੰਕਟ ਦੇ ਸਮੇਂ ਨਾਵਿਕਾਂ ਦੀ ਮਦਦ ਲਈ ‘Seafarers’ Emergency Support Network’ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ।
