Home ਰਾਜਸਥਾਨ ਗੁਰਸਿੱਖ ਵਿਦਿਆਰਥਣ ਨੂੰ ਕਕਾਰ ਉਤਾਰਨ ‘ਤੇ SGPC ਨੇ ਇਸ ਘਟਨਾ ਨੂੰ ਧਾਰਮਿਕ...

ਗੁਰਸਿੱਖ ਵਿਦਿਆਰਥਣ ਨੂੰ ਕਕਾਰ ਉਤਾਰਨ ‘ਤੇ SGPC ਨੇ ਇਸ ਘਟਨਾ ਨੂੰ ਧਾਰਮਿਕ ਆਜ਼ਾਦੀ ਦੀ ਦੱਸਿਆ ਉਲੰਘਣਾ

0

ਰਾਜਸਥਾਨ : 21ਵੀਂ ਸਦੀ ਵਿੱਚ ਲੋਕ ਆਪਣੀ ਇਨਸਾਨੀਅਤ ਨੂੰ ਵੀ ਭੁਲਦੇ ਚਲੇ ਜਾ ਰਹੇ ਹਨ। ਅੱਜ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਇਕਜੁਟ ਹੋ ਕੇ ਰਹਿ ਰਹੇ ਹਨ। ਫਿਰ ਵੀ ਕਈ ਲੋਕ ਅਜਿਹੇ ਹਨ ਜੋ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਖ਼ਾਤਰ ਇਕ ਪਲ ਲਈ ਵੀ ਗੁਰੇਜ਼ ਨਹੀਂ ਕਰਦੇ। ਅੱਜ ਇੱਕ ਗੁਰਸਿੱਖ ਲੜਕੀ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਤਰਨਤਾਰਨ ਦੀ ਰਹਿਣ ਵਾਲੀ ਹੈ। ਉਹ ਲੜਕੀ ਸਿੱਖ ਵਿਦਿਆਰਥਣ ਹੈ ਜੋ ਰਾਜਸਥਾਨ ਦੇ ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਵਿੱਚ ਆਯੋਜਿਤ ਨਿਆਂਇਕ ਸੇਵਾ ਪ੍ਰੀਖਿਆ (ਪੀ.ਸੀ.ਐਸ.-ਜੇ) ਲਈ ਆਈ ਸੀ, ਨੂੰ ਉਸ ਦੇ ਧਾਰਮਿਕ ਚਿੰਨ੍ਹ (ਕਕਾਰ) ਕਾਰਨ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ।

ਵਿਦਿਆਰਥਣ ਦਾ ਦੋਸ਼ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਕਾਰ ਉਤਾਰਨ ਲਈ ਕਿਹਾ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ਕਾਰਨ, ਵਿਦਿਆਰਥਣ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਨਹੀਂ ਹੋ ਸਕੀ। ਜਿਸ ਕਾਰਨ ਉਹ ਆਪਣੀ ਪ੍ਰੀਖਿਆ ਤੋਂ ਖੁੰਝ ਗਈ। ਮੌਕੇ ਤੋਂ ਹੀ ਉਸ ਨੇ ਘਟਨਾ ਦੀਆਂ ਕੁੱਝ ਵੀਡੀਓ ਬਣਾਈਆਂ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਈ-ਮੇਲ ਕੀਤਾ। ਐਸ.ਜੀ.ਪੀ.ਸੀ. ਨੇ ਇਸ ਘਟਨਾ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਦੀ ਕੀਤੀ ਮੰਗ 

ਇਸ ਦੇ ਨਾਲ ਹੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੀ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਕਿਹਾ ਕਿ ਇਹ ਕਾਰਵਾਈ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਾਰਵਾਈ ਜਾਂਚ ਸੰਸਥਾ ਵੱਲੋਂ ਕੀਤੀ ਗਈ ਸੀ।

ਵਿਦਿਆਰਥਣ ਨੇ ਸਾਰੀ ਘਟਨਾ ਉਸ ਸਮੇਂ ਦੱਸੀ ਜਦੋਂ ਇਹ ਘਟਨਾ ਵਾਪਰੀ। ਇਸ ਤੋਂ ਬਾਅਦ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਵੀਡੀਓ ਵਿੱਚ ਕਿਹਾ ਕਿ ਉਸ ਦੀ ਪੂਰਨਿਮਾ ਯੂਨੀਵਰਸਿਟੀ, ਜੈਪੁਰ ਵਿੱਚ ਨਿਆਂਇਕ ਪ੍ਰੀਖਿਆ ਸੀ। ਦੂਜੇ ਉਮੀਦਵਾਰਾਂ ਵਾਂਗ, ਮੈਂ ਵੀ ਇਸ ਯੂਨੀਵਰਸਿਟੀ ਵਿੱਚ ਪ੍ਰੀਖਿਆ ਦੇਣ ਆਈ ਸੀ। ਮੇਰਾ ਰੋਲ ਨੰਬਰ ਸੂਚੀ ਵਿੱਚ ਹੈ। ਮੈਂ ਕੁੱਝ ਵੀ ਅਜਿਹਾ ਨਹੀਂ ਲਿਆਂਦਾ ਜਿਸ ਦੀ ਇਜਾਜ਼ਤ ਨਾ ਹੋਵੇ। ਫਿਰ ਵੀ ਮੈਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਿਦਿਆਰਥਣ ਨੇ ਅੱਗੇ ਕਿਹਾ ਕਿ ਧਾਰਾ-25 ਵਿੱਚ ਲਿਖਿਆ ਹੈ ਕਿ ਮੈਂ ਕਿਰਪਾਨ ਰੱਖ ਸਕਦੀ ਹਾਂ, ਪਰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਹੁਕਮ ਹਨ ਕਿ ਕਿਰਪਾਨ ਜਾਂ ਕੜਾ ਵਰਗੀ ਕੋਈ ਚੀਜ਼ ਨਹੀਂ ਲੈ ਕੇ ਜਾ ਸਕਦੀ।

ਔਰਤਾਂ ਦੇ ਡਰੈੱਸ ਕੋਡ ਬਾਰੇ ਇੱਕ ਨਿਯਮ ਪੜ੍ਹ ਕੇ ਸੁਣਾਇਆ ਗਿਆ ਹੈ। ਕੋਈ ਵੀ ਤਿੱਖੀ ਵਸਤੂ ਨਹੀਂ ਲੈ ਕੇ ਜਾ ਸਕਦਾ। ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਵਿੱਚ ਸਿੱਖਾਂ ਦੀ ਕਿਰਪਾਨ ਬਾਰੇ ਕੋਈ ਨਿਯਮ ਨਹੀਂ ਹੈ। ਇੱਥੇ ਇੱਕ ਹੋਰ ਗੱਲ ਜੋੜਨੀ ਚਾਹੀਦੀ ਸੀ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਤੋਂ ਬਿਨਾਂ ਆਉਣਾ ਪਵੇਗਾ। ਜੇਕਰ ਇਹ ਜੋੜਿਆ ਜਾਂਦਾ ਤਾਂ ਸ਼ਾਇਦ ਮੈਂ ਇੱਥੇ ਫਾਰਮ ਨਾ ਭਰਦੀ ਅਤੇ ਇੱਥੇ ਨਾ ਆਉਣਾ ਪੈਂਦਾ। ਵਿਦਿਆਰਥਣ ਨੇ ਦੱਸਿਆ ਕਿ ਪੇਪਰ 10 ਵਜੇ ਸ਼ੁਰੂ ਹੋਣਾ ਸੀ। ਐਂਟਰੀ 9:15 ਵਜੇ ਸ਼ੁਰੂ ਹੋਈ। ਮੈਂ ਪਹਿਲੀ ਉਮੀਦਵਾਰ ਸੀ ਜੋ ਲਾਈਨ ਵਿੱਚ ਖੜ੍ਹੀ ਸੀ ਅਤੇ ਮੈਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ ਗਿਆ। ਪਿਛਲੇ ਸਾਲ ਵੀ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਸ਼ਾਇਦ ਹਰ ਸਾਲ ਬੱਚਿਆਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਕਕਾਰ ਜਿਨ੍ਹਾਂ ਨੇ ਉਤਾਰ ਦਿੱਤਾ ਉਹ ਅੰਦਰ ਚਲੇ ਗਏ। ਸ਼ਾਇਦ ਉਨ੍ਹਾਂ ਲਈ ਪੇਪਰ ਜ਼ਿਆਦਾ ਮਹੱਤਵਪੂਰਨ ਸੀ।

ਰਾਜਸਥਾਨ ਦੇ ਮੁੱਖ ਮੰਤਰੀ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ : ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਰਾਜਸਥਾਨ ਵਿੱਚ ਇੱਕ ਵਫ਼ਦ ਭੇਜੇਗੀ। ਜੋ ਰਾਜਸਥਾਨ ਸਰਕਾਰ ਨਾਲ ਇਸ ਮਾਮਲੇ ’ਤੇ ਚਰਚਾ ਕਰੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਕਹੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਇੱਕ ਗੁਰਸਿੱਖ ਲੜਕੀ ਨੂੰ ਕਿਰਪਾਨ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਿਆ। ਉਨ੍ਹਾਂ ਦੀ ਮਨਮਾਨੀ ਕਾਰਨ ਇੱਕ ਲੜਕੀ ਨੂੰ ਪ੍ਰੀਖਿਆ ਤੋਂ ਵਾਂਝਾ ਰੱਖਿਆ ਗਿਆ। ਧਾਮੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ ਵਾਲੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਘਟਨਾ ਨੂੰ ਰੋਕਣ ਲਈ ਕਾਨੂੰਨ ਬਣਾਇਆ ਜਾਵੇ।

NO COMMENTS

LEAVE A REPLY

Please enter your comment!
Please enter your name here

Exit mobile version