Home ਪੰਜਾਬ ਆਨੰਦਪੁਰ ਸਾਹਿਬ ਮਾਮਲੇ ’ਤੇ ਐਸ.ਜੀ.ਪੀ.ਸੀ. ਦੀ ਜਾਂਚ ਰਿਪੋਰਟ ਜਨਤਕ

ਆਨੰਦਪੁਰ ਸਾਹਿਬ ਮਾਮਲੇ ’ਤੇ ਐਸ.ਜੀ.ਪੀ.ਸੀ. ਦੀ ਜਾਂਚ ਰਿਪੋਰਟ ਜਨਤਕ

0

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਵਿਵਾਦਿਤ ਮਾਮਲੇ ਵਿੱਚ ਚਾਰ ਮੈਂਬਰੀ ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਜਨਤਕ ਕਰ ਦਿੱਤੀ ਹੈ। ਕਮੇਟੀ ਵੱਲੋਂ 15 ਦਿਨਾਂ ਦੇ ਸਮੇਂ ਵਿੱਚ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਧਾਮੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਤੱਥ ਮੀਡੀਆ ਸਾਹਮਣੇ ਰੱਖੇ।

ਧਾਮੀ ਮੁਤਾਬਕ, ਜਾਂਚ ਦੌਰਾਨ ਸਬੰਧਤ ਮਹਿਲਾ ਦੇ ਵੱਖ-ਵੱਖ ਗੁਰਦੁਆਰਾ ਸਰਾਵਾਂ ਵਿੱਚ ਠਹਿਰਨ ਸਬੰਧੀ ਸਰਕਾਰੀ ਐਂਟਰੀਆਂ, ਰਸੀਦਾਂ ਅਤੇ ਕਿਰਾਏ ਦੇ ਭੁਗਤਾਨ ਦਾ ਰਿਕਾਰਡ ਜਾਂਚਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਰਿਕਾਰਡਾਂ ਦੇ ਆਧਾਰ ’ਤੇ ਮਹਿਲਾ ਦੇ ਇੱਕੋ ਸਰਾਂ ਵਿੱਚ ਲਗਾਤਾਰ ਛੇ ਮਹੀਨੇ ਠਹਿਰਨ ਦੇ ਦਾਅਵੇ ਨੂੰ ਰੱਦ ਕੀਤਾ ਗਿਆ ਹੈ।

ਧਾਮੀ ਨੇ ਇਹ ਵੀ ਦਾਅਵਾ ਕੀਤਾ ਕਿ ਸਰਾਵਾਂ ਦੇ ਰਜਿਸਟਰਾਂ ਵਿੱਚ ਐਂਟਰੀਆਂ ਨਾਲ ਛੇੜਛਾੜ ਦੇ ਤੱਥ ਸਾਹਮਣੇ ਆਏ ਹਨ। ਉਨ੍ਹਾਂ ਅਨੁਸਾਰ, ਕੁਝ ਐਂਟਰੀਆਂ ਵਿੱਚ ਕੱਟ-ਛਾਂਟ ਅਤੇ ਅੰਕੜਿਆਂ ਵਿੱਚ ਤਬਦੀਲੀ ਕੀਤੀ ਗਈ, ਜਿਸ ਨਾਲ ਮਾਮਲੇ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੋਈ।

ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਕਾਨੂੰਨੀ ਜਾਂਚ ਜਾਰੀ ਹੈ, ਪਰ ਸੋਸ਼ਲ ਮੀਡੀਆ ’ਤੇ ਅਧੂਰੀ ਜਾਣਕਾਰੀ ਦੇ ਆਧਾਰ ’ਤੇ ਚਲਾਇਆ ਜਾ ਰਿਹਾ ਟ੍ਰਾਇਲ ਸੰਸਥਾ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਇਸਨੂੰ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਧਾਮੀ ਨੇ ਮਾਮਲੇ ਦੀ ਨਿਰਪੱਖਤਾ ਲਈ ਸੀਬੀਆਈ ਜਾਂਚ ਦੀ ਮੰਗ ਵੀ ਮੁੜ ਦੁਹਰਾਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version