ਹਰਿਆਣਾ: ਹਰਿਆਣਾ ਦੀ ਉਭਰਦੀ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਭਾਰਤੀ ਬਾਕਸਿੰਗ ਵਿੱਚ ਆਪਣਾ ਦਬਦਬਾ ਸਾਬਤ ਕਰਦਿਆਂ 2026 ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਚੋਣ ਟ੍ਰਾਇਲਾਂ ਦੌਰਾਨ ਸਾਕਸ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ ਨੂੰ 5-0 ਨਾਲ ਹਰਾਇਆ।
ਸਾਕਸ਼ੀ ਚੌਧਰੀ ਨੇ 51 ਕਿਲੋਗ੍ਰਾਮ ਵਰਗ ਵਿੱਚ ਇਕ ਤੋਂ ਬਾਅਦ ਇਕ ਮਜ਼ਬੂਤ ਮੁਕਾਬਲੇ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਸਭ ਤੋਂ ਚਰਚਿਤ ਮੁਕਾਬਲਾ ਸੈਮੀਫਾਈਨਲ ਵਿੱਚ ਰਿਹਾ, ਜਿੱਥੇ ਉਸਦਾ ਸਾਹਮਣਾ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਮਸ਼ਹੂਰ ਮੁੱਕੇਬਾਜ਼ ਨਿਖਤ ਜ਼ਰੀਨ ਨਾਲ ਹੋਇਆ। ਇਸ ਮੁਕਾਬਲੇ ਵਿੱਚ ਸਾਕਸ਼ੀ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਨਿਖਤ ਨੂੰ 4-1 ਨਾਲ ਹਰਾਕੇ ਵੱਡਾ ਉਲਟਫੇਰ ਕੀਤਾ।
ਫਾਈਨਲ ਵਿੱਚ ਸਾਕਸ਼ੀ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ ਨਾਲ ਸੀ। ਮੈਚ ਦੌਰਾਨ ਸਾਕਸ਼ੀ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਆਪਣੇ ਤੇਜ਼ ਪੰਚਾਂ ਅਤੇ ਮਜ਼ਬੂਤ ਡਿਫੈਂਸ ਨਾਲ ਮੀਨਾਕਸ਼ੀ ਨੂੰ ਕੋਈ ਵੱਡਾ ਮੌਕਾ ਨਹੀਂ ਦਿੱਤਾ। ਨਤੀਜੇ ਵਜੋਂ ਜੱਜਾਂ ਨੇ ਇਕਤਰਫ਼ਾ ਫੈਸਲਾ ਦਿੰਦਿਆਂ ਸਾਕਸ਼ੀ ਨੂੰ 5-0 ਨਾਲ ਜੇਤੂ ਕਰਾਰ ਦਿੱਤਾ।
ਹੁਣ ਸਾਕਸ਼ੀ ਚੌਧਰੀ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਹ ਖੇਡਾਂ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਵਿੱਚ ਹੋਣੀਆਂ ਹਨ। ਇਸ ਤੋਂ ਬਾਅਦ ਸਤੰਬਰ ਅਤੇ ਅਕਤੂਬਰ ਵਿੱਚ ਜਾਪਾਨ ਵਿੱਚ ਏਸ਼ੀਆਈ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ।
