Home ਪੰਜਾਬ ਐੱਸ.ਬੀ.ਪੀ. ਨੌਰਥ ਸੋਸਾਇਟੀ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ

ਐੱਸ.ਬੀ.ਪੀ. ਨੌਰਥ ਸੋਸਾਇਟੀ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ

0

ਖਰੜ: ਖਰੜ-ਲਾਂਦਰਾ ਰੋਡ ‘ਤੇ ਸਥਿਤ ਐੱਸ.ਬੀ.ਪੀ. ਨੌਰਥ ਸੋਸਾਇਟੀ ਵਿੱਚ ਦੇਰ ਰਾਤ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉਹ ਟਾਵਰ ਨੰਬਰ 3 ਦੀ 10ਵੀਂ ਮੰਜ਼ਿਲ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕੋਈ ਹੋਰ ਹਾਦਸਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 12.25 ਵਜੇ ਅਚਾਨਕ ਸੋਸਾਇਟੀ ‘ਚ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਜਦੋਂ ਲੋਕ ਬਾਹਰ ਪੁੱਜੇ ਤਾਂ ਉਨ੍ਹਾਂ ਨੂੰ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ। ਚਸ਼ਮਦੀਦਾਂ ਅਨੁਸਾਰ ਮ੍ਰਿਤਕ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ ਅਤੇ ਲਾਸ਼ ਦੇ ਕੋਲ ਉਸਦਾ ਬੈਗ ਵੀ ਪਿਆ ਸੀ, ਜਿਸ ਵਿੱਚ ਪਾਣੀ ਦੀ ਬੋਤਲ ਰੱਖੀ ਹੋਈ ਸੀ। ਉਸ ਦਾ ਮੋਬਾਈਲ ਫੋਨ ਉਸ ਦੀ ਜੇਬ ਵਿਚ ਸੁਰੱਖਿਅਤ ਮਿ ਲਿਆ, ਜਦੋਂ ਕਿ ਉਸ ਨੇ ਜੁੱਤੀ ਵੀ ਪਾਈ ਹੋਈ ਸੀ।

ਸਥਾਨਕ ਲੋਕਾਂ ਮੁਤਾਬਕ ਹੇਠਾਂ ਡਿੱਗਦੇ ਸਮੇਂ ਨੌਜਵਾਨ ਇਮਾਰਤ ਦੇ ਬਾਹਰੋਂ ਲੰਘ ਰਹੀ ਨੈੱਟਵਰਕ ਕੇਬਲ ਨਾਲ ਟਕਰਾ ਗਿਆ ਸੀ। ਇਹ ਕੇਬਲ ਟੁੱਟ ਕੇ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਟੁੱਟੀ ਕੇਬਲ ਵੀ ਮਿਲੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਸਿੱਧਾ ਉੱਪਰੋਂ ਡਿੱਗਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਸਾਲ ਸੀ। ਉਹ ਸੁਸਾਇਟੀ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿੰਦਾ ਸੀ ਅਤੇ 3-4 ਮਹੀਨੇ ਪਹਿਲਾਂ ਹੀ ਇੱਥੇ ਰਹਿਣ ਲੱਗਾ ਸੀ। ਹਾਲੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਸੂਤਰਾਂ ਅਨੁਸਾਰ ਇਹ ਘਟਨਾ ਸੁਸਾਇਟੀ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਫੁਟੇਜ ‘ਚ ਨੌਜਵਾਨ ਉਚਾਈ ਤੋਂ ਡਿੱਗਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਰਿਕਾਰਡਿੰਗ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਤੜਕੇ 2.15 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ ‘ਚ ਰਖਵਾਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਨਤੀਜਾ ਜਾਰੀ ਨਹੀਂ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ, ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version