ਚੰਡੀਗੜ੍ਹ : ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਪ੍ਰੀਸ਼ਦ ਵੱਲੋਂ ਹਰ ਸਾਲ ਸਮੁੱਚੀ ਸਿੱਖਿਆ ਦੇ ਅਧੀਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਪਾਠ-ਪੁਸਤਕਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਵਿੱਚ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਪ੍ਰੋਜੈਕਟ ਪ੍ਰਵਾਨਗੀ ਬੋਰਡ (PAB) ਦੀ ਮੀਟਿੰਗ ਵਿੱਚ ਵਿੱਤੀ ਸਾਲ 2026–27 ਲਈ “ਮੁਫ਼ਤ ਪਾਠ-ਪੁਸਤਕਾਂ” ਮੱਦ ਅਧੀਨ ਜਮਾਤ 1 ਤੋਂ 8 ਤੱਕ ਦੇ ਵਿਦਿਆਰਥੀਆਂ ਦੇ ਲਈ ਕੁਲ 45.05 ਕਰੋੜ ਰੁਪਏ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਰਿਸ਼ਦ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਦੀ ਪ੍ਰਧਾਨਗੀ ਹੇਠ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ (HPPC) ਦੀ ਮੀਟਿੰਗ 29 ਦਸੰਬਰ 2025 ਨੂੰ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਚੁਣੀਆਂ ਗਈਆਂ ਫਰਮਾਂ ਨੂੰ ਪਾਠ-ਪੁਸਤਕਾਂ ਦੀ ਛਪਾਈ ਅਤੇ ਸਪਲਾਈ ਦਾ ਕੰਮ ਸੌਂਪਿਆ ਗਿਆ। ਉਕਤ ਫੈਸਲੇ ਦੀ ਪਾਲਣਾ ਵਿੱਚ ਵਿਭਾਗ ਦੁਆਰਾ 8 ਜਨਵਰੀ ਨੂੰ ਸਬੰਧਤ ਫਰਮਾਂ ਨੂੰ ਕਾਰਜ ਆਦੇਸ਼ ਜਾਰੀ ਕੀਤੇ, ਜਿਸ ਅਨੁਸਾਰ ਪਾਠ ਪੁਸਤਕਾਂ ਦੀ ਸਪਲਾਈ ਦਾ ਕੰਮ 15 ਅਪ੍ਰੈਲ, 2026 ਤੱਕ ਪੂਰਾ ਕਰਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੀ ਅਗਵਾਈ ਅਤੇ ਨਿਗਰਾਨੀ ਹੇਠ, ਅੰਬਾਲਾ, ਹਿਸਾਰ, ਕੁਰੂਕਸ਼ੇਤਰ, ਪਾਣੀਪਤ, ਪਲਵਲ, ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿੱਚ ਸਬੰਧਤ ਫਰਮਾਂ ਦੁਆਰਾ ਜ਼ਿਲ੍ਹਾ ਪੱਧਰ ‘ਤੇ ਪਹਿਲੀ ਤੋਂ ਅੱਠਵੀਂ ਜਮਾਤ ਲਈ ਪਾਠ-ਪੁਸਤਕਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸਾਰੇ ਸਕੂਲਾਂ ਨੂੰ ਪਾਠ-ਪੁਸਤਕਾਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਸਿੱਖਿਆ ਮੰਤਰੀ ਦਾ ਦਫ਼ਤਰ ਪਾਠ-ਪੁਸਤਕਾਂ ਦੀ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਉਣ ਲਈ ਵਿਭਾਗ ਨਾਲ ਨਿਰੰਤਰ ਤਾਲਮੇਲ ਵਿੱਚ ਹੈ।
