Health: ਹਵਾ ਪ੍ਰਦੂਸ਼ਣ ਨੂੰ ਆਮ ਤੌਰ ’ਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਮੰਨਿਆ ਜਾਂਦਾ ਹੈ, ਪਰ ਇਸ ਦਾ ਅਸਰ ਸਿਰਫ਼ ਫੇਫੜਿਆਂ ਤੱਕ ਸੀਮਤ ਨਹੀਂ ਰਹਿੰਦਾ। ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਦਿਲ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ ਅਤੇ ਹਾਰਟ ਅਟੈਕ ਤੇ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ।
ਦਿੱਲੀ-NCR ਵਿੱਚ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਇਲਾਕਿਆਂ ਵਿੱਚ AQI 350 ਤੋਂ ਉੱਪਰ ਦਰਜ ਕੀਤਾ ਗਿਆ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ, ਗਲੇ ਵਿੱਚ ਖਰਾਸ਼ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਮੁਤਾਬਕ ਵਧਦਾ ਪ੍ਰਦੂਸ਼ਣ ਦਿਲ ਦੇ ਮਰੀਜ਼ਾਂ ਲਈ ਵੀ ਗੰਭੀਰ ਖ਼ਤਰਾ ਬਣ ਸਕਦਾ ਹੈ।
ਪ੍ਰਦੂਸ਼ਿਤ ਹਵਾ ਦਿਲ ਨੂੰ ਕਿਵੇਂ ਕਰਦੀ ਹੈ ਪ੍ਰਭਾਵਿਤ?
ਐਜੀਲਸ ਡਾਇਗਨੌਸਟਿਕਸ ਦੇ ਡਾਇਰੈਕਟਰ ਅਤੇ ਪੈਥੋਲੋਜੀ ਮਾਹਿਰ ਡਾ. ਅਜੈ ਫੜਕੇ ਮੁਤਾਬਕ ਹਵਾ ਵਿੱਚ ਮੌਜੂਦ ਬਹੁਤ ਬਾਰੀਕ ਪ੍ਰਦੂਸ਼ਣ ਕਣ, ਖ਼ਾਸ ਕਰਕੇ PM2.5, ਸਾਹ ਰਾਹੀਂ ਫੇਫੜਿਆਂ ਵਿੱਚ ਪਹੁੰਚਦੇ ਹਨ। ਇਨ੍ਹਾਂ ਵਿੱਚੋਂ ਕੁਝ ਕਣ ਖੂਨ ਦੇ ਪ੍ਰਵਾਹ ਤੱਕ ਵੀ ਪਹੁੰਚ ਸਕਦੇ ਹਨ।
ਇਸ ਨਾਲ ਸਰੀਰ ਵਿੱਚ ਸੋਜ ਵਧ ਸਕਦੀ ਹੈ, ਬਲੱਡ ਪ੍ਰੈਸ਼ਰ ਪ੍ਰਭਾਵਿਤ ਹੋ ਸਕਦਾ ਹੈ ਅਤੇ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਵਧ ਸਕਦੀ ਹੈ। ਇਹ ਸਾਰੇ ਕਾਰਕ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਣ ਵਿੱਚ ਭੂਮਿਕਾ ਨਿਭਾ ਸਕਦੇ ਹਨ।
ਕਈ ਖੋਜਾਂ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਤੋਂ ਬਾਅਦ ਦੇ ਕੁਝ ਦਿਨਾਂ ਵਿੱਚ ਹਾਰਟ ਅਟੈਕ ਅਤੇ ਸਟ੍ਰੋਕ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ।
ਪ੍ਰਦੂਸ਼ਣ ਦੇ ਮੌਸਮ ਵਿੱਚ ਕਿਹੜੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ?
ਪ੍ਰਦੂਸ਼ਣ ਦਾ ਕੋਈ ਵੀ ਪੱਧਰ ਹਰ ਵਿਅਕਤੀ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਕੁਝ ਲੋਕ ਇਸ ਦੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
- ਛੋਟੇ ਬੱਚੇ ਅਤੇ ਬਜ਼ੁਰਗ।
- ਗਰਭਵਤੀ ਔਰਤਾਂ।
- ਸਿਗਰਟਨੋਸ਼ੀ ਕਰਨ ਵਾਲੇ ਲੋਕ।
- ਦਮੇ ਅਤੇ COPD ਦੇ ਮਰੀਜ਼।
- ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀ।
- ਸ਼ੂਗਰ ਦੇ ਮਰੀਜ਼।
ਅਜਿਹੇ ਲੋਕਾਂ ਨੂੰ ਪ੍ਰਦੂਸ਼ਣ ਵਧਣ ਦੌਰਾਨ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਬਾਹਰ ਜਾਣ ਸਮੇਂ ਸਥਾਨਕ ਹਵਾ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਖੰਘ, ਸਾਹ ਚੜ੍ਹਨਾ ਅਤੇ ਛਾਤੀ ਵਿੱਚ ਬੇਚੈਨੀ ਹੋ ਸਕਦੇ ਹਨ ਚੇਤਾਵਨੀ ਦੇ ਸੰਕੇਤ
ਜੇਕਰ ਖੰਘ ਦੋ ਤੋਂ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣੀ ਰਹਿੰਦੀ ਹੈ ਜਾਂ ਸਾਹ ਲੈਂਦੇ ਸਮੇਂ ਘੜਘੜਾਹਟ ਹੁੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਾਹ ਫੁੱਲਣਾ, ਛਾਤੀ ਵਿੱਚ ਬੇਚੈਨੀ ਅਤੇ ਆਰਾਮ ਦੀ ਹਾਲਤ ਵਿੱਚ ਆਕਸੀਜਨ ਦਾ ਪੱਧਰ 94 ਫ਼ੀਸਦੀ ਤੋਂ ਘੱਟ ਹੋਣਾ ਵੀ ਡਾਕਟਰੀ ਜਾਂਚ ਦੀ ਲੋੜ ਦਰਸਾਉਂਦਾ ਹੈ।
ਜੇਕਰ ਛਾਤੀ ਵਿੱਚ ਤੇਜ਼ ਦਰਦ, ਸਾਹ ਲੈਣ ਵਿੱਚ ਗੰਭੀਰ ਦਿੱਕਤ ਜਾਂ ਬੇਹੋਸ਼ੀ ਵਰਗੇ ਲੱਛਣ ਹੋਣ ਤਾਂ ਤੁਰੰਤ ਐਮਰਜੈਂਸੀ ਮੈਡੀਕਲ ਸਹਾਇਤਾ ਲਵੋ। ਆਪਣੀ ਮਰਜ਼ੀ ਨਾਲ ਐਂਟੀਬਾਇਓਟਿਕ ਜਾਂ ਸਟੀਰੌਇਡ ਦਵਾਈਆਂ ਲੈਣ ਤੋਂ ਬਚੋ।
ਡਾਕਟਰ ਕਿਹੜੇ ਟੈਸਟ ਕਰਵਾਉਣ ਦੀ ਸਲਾਹ ਦੇ ਸਕਦੇ ਹਨ?
ਮਰੀਜ਼ ਦੇ ਲੱਛਣਾਂ ਅਤੇ ਸਿਹਤ ਦੀ ਸਥਿਤੀ ਦੇ ਆਧਾਰ ’ਤੇ ਡਾਕਟਰ ਕੁਝ ਜਾਂਚਾਂ ਕਰਵਾਉਣ ਦੀ ਸਲਾਹ ਦੇ ਸਕਦੇ ਹਨ। ਇਨ੍ਹਾਂ ਵਿੱਚ CBC, CRP, ਇਓਸਿਨੋਫਿਲ ਕਾਊਂਟ, IgE, ਸਪਾਇਰੋਮੈਟਰੀ ਅਤੇ ਛਾਤੀ ਦਾ ਐਕਸ-ਰੇ ਸ਼ਾਮਲ ਹੋ ਸਕਦੇ ਹਨ।
ਦਿਲ ਦੇ ਮਰੀਜ਼ਾਂ ਲਈ ECG, ਲਿਪਿਡ ਪ੍ਰੋਫਾਈਲ, HbA1c ਅਤੇ hs-CRP ਵਰਗੇ ਟੈਸਟ ਵੀ ਲੋੜ ਅਨੁਸਾਰ ਕਰਵਾਏ ਜਾ ਸਕਦੇ ਹਨ। ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਸਿਹਤ ਦੀ ਮੁੱਢਲੀ ਜਾਂਚ ਕਰਵਾਉਣਾ ਅਤੇ ਲੱਛਣਾਂ ਵਿੱਚ ਤਬਦੀਲੀ ਆਉਣ ’ਤੇ ਡਾਕਟਰ ਨਾਲ ਸੰਪਰਕ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਯਾਦ ਰੱਖੋ: ਪ੍ਰਦੂਸ਼ਣ ਸਿਰਫ਼ ਸਾਹ ਦੀ ਸਮੱਸਿਆ ਨਹੀਂ, ਸਗੋਂ ਦਿਲ ਦੀ ਸਿਹਤ ਲਈ ਵੀ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਲਈ ਖ਼ਾਸ ਕਰਕੇ ਪਹਿਲਾਂ ਤੋਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।
