ਪਟਨਾ: ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਬੁਲਾਰੇ ਮ੍ਰਿਤੁੰਜੈ ਤਿਵਾੜੀ ਨੇ ਬੀਤੇ ਦਿਨ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ ਦੋਸ਼ ਲਗਾਇਆ ਕਿ ਸੰਗਠਨ ਦੇ ਅੰਦਰ “ਸਮਰਪਿਤ ਅਤੇ ਵਫ਼ਾਦਾਰ ਵਰਕਰਾਂ ਲਈ ਕੋਈ ਜਗ੍ਹਾ ਨਹੀਂ ਬਚੀ”। ਸਾਲਾਂ ਤੋਂ ਆਰ.ਜੇ.ਡੀ. ਦੇ ਪ੍ਰਮੁੱਖ ਚਿਹਰੇ ਰਹੇ ਤਿਵਾੜੀ ਨੇ ਦੇਰ ਸ਼ਾਮ ਜਾਰੀ ਇੱਕ ਭਾਵੁਕ ਵੀਡੀਓ ਸੰਦੇਸ਼ ਰਾਹੀਂ ਮੀਡੀਆ ਨੂੰ ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ।
ਤਿਵਾੜੀ ਨੇ ਕਿਹਾ “ਅੱਜ, ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਮੈਂ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ, ਮੰਗਨੀ ਲਾਲ ਮੰਡਲ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਆਪਣਾ ਅਸਤੀਫ਼ਾ ਸੌਂਪ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਲਗਾਤਾਰ ਅਪਮਾਨ ਸਹਿਣ ਕਰਦੇ ਹੋਏ ਪਾਰਟੀ ਵਿੱਚ ਬਣੇ ਰਹਿਣਾ ਜਾਇਜ਼ ਨਹੀਂ ਹੈ। ‘ਉੱਚ-ਜਾਤੀ’ ਭਾਈਚਾਰੇ ਤੋਂ ਹੋਣ ਕਰਕੇ, ਤਿਵਾੜੀ ਨੇ ਮੀਡੀਆ ਵਿੱਚ ਆਰ.ਜੇ.ਡੀ. – ਇੱਕ ਪਾਰਟੀ ਜੋ ਮੰਡਲ ਕਮਿਸ਼ਨ ਦਾ ਸਮਰਥਨ ਕਰਦੀ ਹੈ – ਦੇ ਵਿਚਾਰਾਂ ਦੀ ਲਗਾਤਾਰ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਨੇ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਦਾ 2014 ਵਿੱਚ ਬੁਲਾਰੇ ਅਤੇ ਮੀਡੀਆ ਇੰਚਾਰਜ ਦੀਆਂ ਜ਼ਿੰਮੇਵਾਰੀਆਂ ਸੌਂਪਣ ਲਈ ਧੰਨਵਾਦ ਕੀਤਾ।
ਤਿਵਾੜੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਤੇਜਸਵੀ ਯਾਦਵ – ਜੋ ਕਿ ਆਰ.ਜੇ.ਡੀ. ਦੇ ਕਾਰਜਕਾਰੀ ਪ੍ਰਧਾਨ ਅਤੇ ਲਾਲੂ ਪ੍ਰਸਾਦ ਦੇ ਵਾਰਸ ਹਨ – ਨੂੰ ਵੀ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਇਆ ਸੀ। “ਪਾਰਟੀ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਸਨੂੰ ਦੀਮਕ ਵਾਂਗ ਖੋਖਲਾ ਕਰ ਰਹੇ ਹਨ। ਬਦਕਿਸਮਤੀ ਨਾਲ, ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਅਜਿਹੇ ਲੋਕਾਂ ਨਾਲ ਘਿਰੇ ਹੋਏ ਜਾਪਦੇ ਹਨ,” ਉਨ੍ਹਾਂ ਕਿਹਾ, ਹਾਲਾਂਕਿ ਉਨ੍ਹਾਂ ਹੋਰ ਵੇਰਵੇ ਨਹੀਂ ਦਿੱਤੇ। ਪਾਰਟੀ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਤਿਵਾੜੀ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਜਾਂ ਨਹੀਂ। ਇਸ ਦੌਰਾਨ, ਪਟਨਾ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਤਿਵਾੜੀ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਵਿੱਚ ਸ਼ਾਮਲ ਹੋ ਸਕਦੇ ਹਨ।
