Home ਯੂਪੀ ਖ਼ਬਰਾਂ ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਸਤੰਬਰ ਦੇ ਅੰਤ ਤੱਕ ਦਾਖ਼ਲ ਹੋਵੇਗੀ ਚਾਰਜਸ਼ੀਟ,...

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਸਤੰਬਰ ਦੇ ਅੰਤ ਤੱਕ ਦਾਖ਼ਲ ਹੋਵੇਗੀ ਚਾਰਜਸ਼ੀਟ, ਐੱਸ.ਐੱਸ.ਪੀ. ਨੇ ਦਿੱਤੀ ਵੱਡੀ ਅਪਡੇਟ

0

ਅਯੁੱਧਿਆ: ਰਾਮ ਮੰਦਰ ਦੇ ਚੜ੍ਹਾਵੇ ਦੀ ਕਥਿਤ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਅਯੁੱਧਿਆ ਦੇ ਐੱਸ.ਐੱਸ.ਪੀ. ਗੌਰਵ ਗਰੋਵਰ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ 90 ਦਿਨਾਂ ਦੇ ਅੰਦਰ ਪੂਰੀ ਕਰਕੇ ਸਤੰਬਰ ਦੇ ਅੰਤ ਤੱਕ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਜਾਵੇਗੀ।

ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਜਾਂਚ ਵਿੱਚ ਤਾਲਮੇਲ ਬਣਾਉਣ ਅਤੇ ਲੋੜੀਂਦੀ ਸਲਾਹ ਦੇਣ ਦੀ ਭੂਮਿਕਾ ਨਿਭਾ ਰਹੀ ਹੈ। ਐੱਸ.ਆਈ.ਟੀ. ਦੀ ਅਗਵਾਈ ਲਖਨਊ ਦੇ ਆਈ.ਜੀ ਕਿਰਨ ਐੱਸ ਕਰ ਰਹੇ ਹਨ, ਜਿਨ੍ਹਾਂ ਨੂੰ ਸੀ.ਬੀ.ਆਈ. ਵਿੱਚ ਪੰਜ ਸਾਲ ਕੰਮ ਕਰਨ ਦਾ ਤਜਰਬਾ ਹੈ।

ਗਰੋਵਰ ਮੁਤਾਬਕ ਚੜ੍ਹਾਵੇ ਦੀ ਚੋਰੀ ਨਾਲ ਜੁੜੇ ਕਈ ਅਹਿਮ ਪਹਿਲੂਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਸਥਾਨਕ ਪੱਧਰ ’ਤੇ ਹੋ ਰਹੀ ਜਾਂਚ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬਣੀ ਐੱਸ.ਆਈ.ਟੀ.

ਉੱਤਰ ਪ੍ਰਦੇਸ਼ ਸਰਕਾਰ ਨੇ 27 ਜੁਲਾਈ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਦੀ ਜਾਂਚ ਲਈ ਆਈ.ਜੀ ਕਿਰਨ ਐੱਸ ਦੀ ਅਗਵਾਈ ਹੇਠ ਚਾਰ ਮੈਂਬਰੀ ਐੱਸ.ਆਈ.ਟੀ. ਬਣਾਈ ਗਈ ਹੈ। ਸੁਪਰੀਮ ਕੋਰਟ ਨੇ ਐੱਸ.ਆਈ.ਟੀ. ਵਿੱਚ ਇੱਕ ਆਡੀਟਰ ਨੂੰ ਪੰਜਵੇਂ ਮੈਂਬਰ ਵਜੋਂ ਸ਼ਾਮਲ ਕਰਨ ਲਈ ਵੀ ਕਿਹਾ ਸੀ।

ਇਸ ਤੋਂ ਪਹਿਲਾਂ 20 ਜੁਲਾਈ ਨੂੰ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਬਣਾਉਣ ਬਾਰੇ ਜਾਣਕਾਰੀ ਮੰਗੀ ਸੀ।

25 ਜੂਨ ਨੂੰ ਦਰਜ ਹੋਈ ਸੀ ਐੱਫਆਈਆਰ

ਚੜ੍ਹਾਵੇ ਦੀ ਕਥਿਤ ਚੋਰੀ ਦੇ ਮਾਮਲੇ ਵਿੱਚ 25 ਜੂਨ ਨੂੰ ਰਾਮ ਜਨਮਭੂਮੀ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਪੁਲਿਸ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ।

ਜਾਂਚ ਅਧਿਕਾਰੀ ਅਤੇ ਅਯੁੱਧਿਆ ਦੇ ਸੀ.ਓ ਆਸ਼ੂਤੋਸ਼ ਤਿਵਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਸਾਹਮਣੇ ਆ ਰਹੇ ਤੱਥਾਂ ਦੇ ਆਧਾਰ ’ਤੇ ਦਸਤਾਵੇਜ਼ ਅਪਡੇਟ ਕੀਤੇ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ।

ਤਿੰਨ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ

ਇਸ ਦੌਰਾਨ ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਾਲਿਕਾ ਮਿਸ਼ਰਾ ਨੇ ਚੰਪਤ ਰਾਏ, ਅਨਿਲ ਮਿਸ਼ਰਾ ਅਤੇ ਗੋਪਾਲ ਰਾਓ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਫ.ਆਈ.ਆਰ. ਵਿੱਚ ਇਨ੍ਹਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਗਏ ਤਾਂ ਬਾਰ ਐਸੋਸੀਏਸ਼ਨ ਅਦਾਲਤ ਦਾ ਰੁਖ ਕਰੇਗੀ।

ਸੂਤਰਾਂ ਮੁਤਾਬਕ, ਇਸ ਤੋਂ ਪਹਿਲਾਂ ਰਾਜ ਸਰਕਾਰ ਵੱਲੋਂ ਬਣਾਈ ਗਈ ਐੱਸ.ਆਈ.ਟੀ. ਨੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਮੈਂਬਰ ਅਨਿਲ ਮਿਸ਼ਰਾ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਉਠਾਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version