ਲਖਨਊ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ 450 ਕਰੋੜ ਰੁਪਏ ਦੇ ਬੈਂਕ ਲੋਨ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਅੱਜ ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਵਿੱਚ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਦੇ ਲਖਨਊ ਖੇਤਰੀ ਦਫਤਰ ਨੇ ‘ਸੰਤੋਸ਼ ਓਵਰਸੀਜ਼ ਲਿਮਟਿਡ’ ਨਾਮ ਦੀ ਕੰਪਨੀ, ਇਸ ਦੇ ਪ੍ਰਮੋਟਰਾਂ ਅਤੇ ਇਸ ਨਾਲ ਸਬੰਧਤ ਇਕਾਈਆਂ ਦੇ ਖ਼ਿਲਾਫ਼ ਜਾਂਚ ਦੇ ਹਿੱਸੇ ਵਜੋਂ ਰਾਸ਼ਟਰੀ ਰਾਜਧਾਨੀ ਅਤੇ ਦੋ ਰਾਜਾਂ ਦੇ 8 ਸਥਾਨਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਈ.ਡੀ ਦੀ ਇਹ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਇੱਕ ਮਾਮਲੇ ਨਾਲ ਸਬੰਧਤ ਹੈ, ਜੋ ਬੈਂਕਾਂ ਦੇ ਸੰਘ ਤੋਂ ਲਏ 450 ਕਰੋੜ ਰੁਪਏ ਦੇ ਕਰਜ਼ੇ ਵਿੱਚ ਕਥਿਤ ਧੋਖਾਧੜੀ ਨਾਲ ਸਬੰਧਤ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦਾ ਦੋਸ਼ ਹੈ ਕਿ ਕਰਜ਼ੇ ਦੀ ਰਕਮ ਨੂੰ ਫਰਜ਼ੀ ਬਿੱਲਾਂ ਅਤੇ ਹੋਰ ਵਿੱਤੀ ਲੈਣ-ਦੇਣ ਦੁਆਰਾ ਸ਼ੈੱਲ ਕੰਪਨੀਆਂ, ਫਰਜ਼ੀ ਐਂਟਰੀਆਂ ਪ੍ਰਦਾਨ ਕਰਨ ਵਾਲੇ ਆਪਰੇਟਰਾਂ ਅਤੇ ਸਬੰਧਤ ਕੰਪਨੀਆਂ ਦੇ ਨੈਟਵਰਕ ਰਾਹੀਂ ਵੱਖ-ਵੱਖ ਪੱਧਰਾਂ ‘ਤੇ ਮੋੜਿਆ ਗਿਆ ਸੀ, ਤਾਂ ਜੋ ਇਸ ਦੇ ਅਸਲ ਸਰੋਤ ਨੂੰ ਛੁਪਾਇਆ ਜਾ ਸਕੇ।
