ਚੰਡੀਗੜ੍ਹ: ਪੰਜਾਬ ਦੇ ਮਾਝਾ ਖੇਤਰ ਲਈ ਇਕ ਇਤਿਹਾਸਕ ਪ੍ਰਾਪਤੀ ਵਜੋਂ ਕੇਂਦਰ ਸਰਕਾਰ ਨੇ ਲੰਬੇ ਸਮੇਂ ਤੋਂ ਲਟਕ ਰਹੇ ਕਾਦੀਆਂ-ਬਿਆਸ ਨਵੀਂ ਰੇਲਵੇ ਲਾਈਨ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰੇਲ ਭਵਨ ਵਿਖੇ ਸੰਬੋਧਨ ਕਰਦਿਆਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਲਾਕੇ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਕਾਦੀਆਂ-ਬਿਆਸ ਰੇਲ ਲਿੰਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ 39.68 ਕਿਲੋਮੀਟਰ ਲੰਬੀ ਬਰਾਡ ਗੇਜ ਰੇਲ ਲਾਈਨ ਦੀ ਅਨੁਮਾਨਿਤ ਲਾਗਤ 1400 ਕਰੋੜ ਰੁਪਏ ਹੈ। ਪ੍ਰਸਤਾਵਿਤ ਰੇਲਵੇ ਰੂਟ ਕਾਦੀਆਂ, ਢਪਈ, ਘੁਮਾਣ, ਬੁਤਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ ਵਿੱਚੋਂ ਲੰਘੇਗਾ।
