Home ਸੰਸਾਰ ਜਰਮਨੀ ‘ਚ ਪੰਜਾਬੀ ਨੌਜਵਾਨ ਦਾ ਕਤਲ, ਮੰਦਰ ਨਾਲ ਜੁੜੇ ਵਿਵਾਦ ਨੂੰ ਸੁਲਝਾਉਣ...

ਜਰਮਨੀ ‘ਚ ਪੰਜਾਬੀ ਨੌਜਵਾਨ ਦਾ ਕਤਲ, ਮੰਦਰ ਨਾਲ ਜੁੜੇ ਵਿਵਾਦ ਨੂੰ ਸੁਲਝਾਉਣ ਗਿਆ ਸੀ ਰਾਜਵਿੰਦਰ ਸਿੰਘ

0

ਜਰਮਨੀ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦਾ ਜਰਮਨੀ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 30 ਸਾਲਾ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਪੂਰਥਲਾ ਦੇ ਪਿੰਡ ਰਾਮਗੜ੍ਹ ਦਾ ਰਹਿਣ ਵਾਲਾ ਸੀ। ਇਸ ਘਟਨਾ ਨਾਲ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਜਰਮਨੀ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਭਾਰਤੀ ਭਾਈਚਾਰੇ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਮੰਦਰ ਨਾਲ ਸਬੰਧਤ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਉਹ ਮੌਕੇ ’ਤੇ ਗਿਆ ਸੀ। ਇਸ ਦੌਰਾਨ ਉਸਦੀ ਕੁਝ ਨੌਜਵਾਨਾਂ ਨਾਲ ਤਕਰਾਰ ਹੋ ਗਈ।

ਸੂਤਰਾਂ ਮੁਤਾਬਕ ਹਰਿਆਣਾ ਨਾਲ ਸਬੰਧਤ ਚਾਰ ਨੌਜਵਾਨਾਂ ਨੇ ਰਾਜਵਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ।

ਘਟਨਾ ਤੋਂ ਬਾਅਦ ਜਰਮਨੀ ਵਿੱਚ ਰਹਿੰਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਿੱਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਭਾਈਚਾਰੇ ਦੇ ਮੈਂਬਰਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਉੱਧਰ, ਰਾਜਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਸਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਰਾਮਗੜ੍ਹ ਵਿੱਚ ਸੋਗ ਦਾ ਮਾਹੌਲ ਹੈ ਅਤੇ ਇਲਾਕੇ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਈ ਜਾਵੇ।

ਫਿਲਹਾਲ ਜਰਮਨ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਭਾਈਚਾਰੇ ਨੂੰ ਉਮੀਦ ਹੈ ਕਿ ਜਾਂਚ ਤੋਂ ਬਾਅਦ ਸੱਚ ਸਾਹਮਣੇ ਆਵੇਗਾ ਅਤੇ ਮ੍ਰਿਤਕ ਨੂੰ ਇਨਸਾਫ਼ ਮਿਲੇਗਾ।

NO COMMENTS

LEAVE A REPLY

Please enter your comment!
Please enter your name here

Exit mobile version