Home Canada ਕੈਨੇਡਾ ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਲਾਲ BMW ਕਾਰ ‘ਚ ਕਰਦਾ ਸੀ ਖ਼ਤਰਨਾਕ...

ਕੈਨੇਡਾ ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਲਾਲ BMW ਕਾਰ ‘ਚ ਕਰਦਾ ਸੀ ਖ਼ਤਰਨਾਕ ਰੇਸਿੰਗ

0

ਕੈਨੇਡਾ : ਕੈਨੇਡਾ ਦੇ ਓਂਟਾਰੀਓ ਵਿੱਚ ਸੜਕਾਂ ‘ਤੇ ਸਟੰਟਬਾਜ਼ੀ ਅਤੇ ਖ਼ਤਰਨਾਕ ਰੇਸਿੰਗ ਕਰਨ ਦੇ ਦੋਸ਼ ਹੇਠ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬੀ ਨੌਜਵਾਨ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ 24 ਸਾਲਾ ਤਰਮਨ ਤੂਰ ਵਜੋਂ ਹੋਈ ਹੈ।

ਪੀਲ ਰੀਜਨਲ ਪੁਲਿਸ ਦੀ ‘ਸੇਫਰ ਰੋਡਜ਼ ਟੀਮ’ (SRT) ਨੇ ਇਹ ਕਾਰਵਾਈ ਕੀਤੀ ਹੈ। ਤਰਮਨ ਤੂਰ ‘ਤੇ ਦੋਸ਼ ਹੈ ਕਿ ਉਹ ਆਪਣੀ ਲਾਲ ਰੰਗ ਦੀ ਬਿਨਾਂ ਨੰਬਰ ਪਲੇਟ ਵਾਲੀ BMW M3 ਕਾਰ ਰਾਹੀਂ ਮਿਸੀਸਾਗਾ ਅਤੇ ਟੋਰਾਂਟੋ ਦੀਆਂ ਸੜਕਾਂ ‘ਤੇ ਤੇਜ਼ ਰਫ਼ਤਾਰ ਨਾਲ ਰੇਸਿੰਗ ਕਰਦਾ ਸੀ। ਪੁਲਿਸ ਤੋਂ ਆਪਣੀ ਪਛਾਣ ਲੁਕਾਉਣ ਲਈ ਉਹ ਕਥਿਤ ਤੌਰ ‘ਤੇ ਗੱਡੀ ਚਲਾਉਂਦੇ ਸਮੇਂ ਸਕੀ ਮਾਸਕ ਪਹਿਨਦਾ ਸੀ।

ਪੁਲਿਸ ਮੁਤਾਬਕ, ਮੁਲਜ਼ਮ ਕਰੀਬ 3 ਮਹੀਨਿਆਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਉਸ ਨੂੰ ਫੜਨ ਲਈ ਜਾਂਚ ਏਜੰਸੀਆਂ ਨੇ ਰਵਾਇਤੀ ਪੁਲਿਸਿੰਗ ਦੇ ਨਾਲ-ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ। ਇਸ ਵਿੱਚ ਸੈਟੇਲਾਈਟ ਲੋਕੇਸ਼ਨ ਟ੍ਰੈਕਿੰਗ, ਰੋਡ ਕੈਮਰੇ ਅਤੇ ਡਿਜੀਟਲ ਨਿਗਰਾਨੀ ਦੀ ਮਦਦ ਲਈ ਗਈ।

ਜਾਂਚ ਦੌਰਾਨ ਮਿਸੀਸਾਗਾ ਦੇ ਸੈਟੇਲਾਈਟ ਡਰਾਈਵ ਅਤੇ ਐਕਸਪਲੋਰਰ ਡਰਾਈਵ ਇਲਾਕਿਆਂ ਤੋਂ ਸ਼ੁਰੂਆਤੀ ਲੋਕੇਸ਼ਨ ਸਬੰਧੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਕਈ ਹਫ਼ਤਿਆਂ ਤੱਕ ਮੁਲਜ਼ਮ ਦੀਆਂ ਗਤੀਵਿਧੀਆਂ ਅਤੇ ਆਉਣ-ਜਾਣ ‘ਤੇ ਨਜ਼ਰ ਰੱਖੀ ਅਤੇ ਆਖ਼ਰਕਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਤਰਮਨ ਤੂਰ ਨੂੰ ਪੁਲਿਸ ਨੇ ਪਹਿਲੀ ਵਾਰ 30 ਅਗਸਤ ਦੀ ਰਾਤ ਕਰੀਬ 1 ਵਜੇ ਮਿਸੀਸਾਗਾ ਦੇ ਸੈਟੇਲਾਈਟ ਡਰਾਈਵ ਅਤੇ ਐਕਸਪਲੋਰਰ ਡਰਾਈਵ ਚੌਕ ਦੇ ਨੇੜੇ ਦੇਖਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਡਿਜੀਟਲ ਨਕਸ਼ਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਨੌਜਵਾਨ ਨੇ 26 ਸਤੰਬਰ ਨੂੰ ਇੱਕੋ ਰਾਤ ਵਿੱਚ ਫਿਰ ਦੋ ਵੱਖ-ਵੱਖ ਥਾਵਾਂ ‘ਤੇ ਰੇਸਿੰਗ ਕੀਤੀ। ਪੁਲਿਸ ਨੇ ਕਰੀਬ 3 ਮਹੀਨਿਆਂ ਤੱਕ ਗੁਪਤ ਜਾਂਚ ਕਰਨ ਤੋਂ ਬਾਅਦ ਸਵੇਰੇ-ਸਵੇਰੇ ਉਸ ਦੇ ਘਰ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

NO COMMENTS

LEAVE A REPLY

Please enter your comment!
Please enter your name here

Exit mobile version