ਚੰਡੀਗੜ੍ਹ: ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਾਰ ਵਿਸ਼ਾਲ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਯਾਤਰਾਵਾਂ ਦੇਸ਼ ਦੇ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਕੇਂਦਰਾਂ ਤੋਂ ਰਵਾਨਾ ਹੋ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣਗੀਆਂ।
ਮੰਤਰੀ ਅਨੁਸਾਰ ਪਹਿਲੀ ਸ਼ੋਭਾ ਯਾਤਰਾ 30 ਨਵੰਬਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਵਾਰਾਣਸੀ ਤੋਂ ਸ਼ੁਰੂ ਹੋਵੇਗੀ ਅਤੇ 3 ਦਸੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗੀ। ਦੂਜੀ ਯਾਤਰਾ 30 ਨਵੰਬਰ ਨੂੰ ਜੰਮੂ ਤੋਂ ਰਵਾਨਾ ਹੋਵੇਗੀ। ਤੀਜੀ ਯਾਤਰਾ 1 ਦਸੰਬਰ ਨੂੰ ਬਠਿੰਡਾ ਅਤੇ ਚੌਥੀ 2 ਦਸੰਬਰ ਨੂੰ ਫ਼ਰੀਦਕੋਟ ਤੋਂ ਸ਼ੁਰੂ ਹੋਵੇਗੀ। ਚਾਰੋਂ ਯਾਤਰਾਵਾਂ 3 ਦਸੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇਕੱਠੀਆਂ ਹੋਣਗੀਆਂ।
ਇਨ੍ਹਾਂ ਯਾਤਰਾਵਾਂ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ, ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ। ਸਰਕਾਰ ਵੱਲੋਂ ਸੰਗਤਾਂ ਲਈ ਰਹਿਣ-ਸਹਿਣ, ਲੰਗਰ ਅਤੇ ਸੁਰੱਖਿਆ ਸਮੇਤ ਲੋੜੀਂਦੇ ਪ੍ਰਬੰਧ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ ਹੈ।
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 3 ਦਸੰਬਰ ਨੂੰ ਚਾਰੋਂ ਸ਼ੋਭਾ ਯਾਤਰਾਵਾਂ ਦੇ ਪਹੁੰਚਣ ਉਪਰੰਤ ਵਿਸ਼ਾਲ ਸਮਾਗਮ ਹੋਵੇਗਾ। ਇਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 6 ਦਸੰਬਰ ਨੂੰ ਭੋਗ ਪਾਏ ਜਾਣਗੇ। ਪੰਜਾਬ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਸਮਾਗਮ ਕਰਵਾਉਣ ਦੀ ਯੋਜਨਾ ਪਹਿਲਾਂ ਹੀ ਐਲਾਨੀ ਜਾ ਚੁੱਕੀ ਹੈ।
