ਚੰਡੀਗੜ੍ਹ: ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR)-2026 ਦਾ ਕੰਮ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਅਨਿੰਦਿਤਾ ਮਿੱਤਰਾ ਮੁਤਾਬਕ ਸੂਬੇ ਵਿੱਚ ਹੁਣ ਤੱਕ 99.21 ਫੀਸਦੀ SIR ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 117 ਵਿਧਾਨ ਸਭਾ ਹਲਕਿਆਂ ਵਿੱਚੋਂ 55 ਹਲਕਿਆਂ ਵਿੱਚ ਵੀ ਸੋਧ ਦਾ ਕੰਮ ਮੁਕੰਮਲ ਹੋ ਗਿਆ ਹੈ।
CEO ਮੁਤਾਬਕ ਮੋਗਾ, ਸ਼ਹੀਦ ਭਗਤ ਸਿੰਘ ਨਗਰ, ਮਾਨਸਾ, ਤਰਨਤਾਰਨ, ਫਰੀਦਕੋਟ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਸਮੇਤ 8 ਜ਼ਿਲ੍ਹਿਆਂ ਵਿੱਚ SIR-2026 ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਬਾਕੀ ਖੇਤਰਾਂ ਵਿੱਚ ਰਹਿੰਦੇ ਕੰਮ ਨੂੰ ਵੀ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਚੋਣ ਮਸ਼ੀਨਰੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜਿਨ੍ਹਾਂ ਵੋਟਰਾਂ ਦੇ ਮਾਮਲਿਆਂ ਵਿੱਚ ਨੋਟਿਸ ਜਾਰੀ ਹੋਏ ਹਨ ਜਾਂ ਸੁਣਵਾਈ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਕਾਰਵਾਈ ਬਕਾਇਆ ਹੈ, ਉਨ੍ਹਾਂ ਨਾਲ ਹੁਣ ਬੂਥ ਲੈਵਲ ਅਫਸਰ (BLO) ਸਿੱਧਾ ਸੰਪਰਕ ਕਰਨਗੇ। BLO ਲੋੜੀਂਦੇ ਦਸਤਾਵੇਜ਼ ਵੋਟਰਾਂ ਤੋਂ ਸਿੱਧੇ ਇਕੱਠੇ ਕਰਨਗੇ, ਤਾਂ ਜੋ ਜਿੱਥੇ ਲਾਗੂ ਹੋਵੇ ਉੱਥੇ ਵੋਟਰਾਂ ਨੂੰ ਨਿੱਜੀ ਸੁਣਵਾਈ ਜਾਂ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ERO ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ।
ਇਸ ਤੋਂ ਇਲਾਵਾ ਜਿੱਥੇ ਕੁਝ ਕੰਮ ਬਾਕੀ ਹੈ, ਉੱਥੇ ਆਉਣ ਵਾਲੇ ਵੀਕਐਂਡ ਦੌਰਾਨ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਧਿਕਾਰੀਆਂ (DEO) ਅਤੇ ਇਲੈਕਟੋਰਲ ਰਜਿਸਟ੍ਰੇਸ਼ਨ ਅਫਸਰਾਂ (ERO) ਦੇ ਦਫ਼ਤਰਾਂ ਵਿੱਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ, ਜਿੱਥੇ ਵੋਟਰ ਵੋਟਰ ਸੂਚੀਆਂ ਨਾਲ ਸਬੰਧਤ ਆਪਣੇ ਸਵਾਲ ਅਤੇ ਸਮੱਸਿਆਵਾਂ ਦਰਜ ਕਰਵਾ ਸਕਦੇ ਹਨ।
ਅਨਿੰਦਿਤਾ ਮਿੱਤਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ BLO ਅਤੇ ਹੋਰ ਚੋਣ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਜਿੱਥੇ ਲੋੜ ਹੋਵੇ, ਸਹੀ ਦਸਤਾਵੇਜ਼ ਤੇ ਜਾਣਕਾਰੀ ਮੁਹੱਈਆ ਕਰਵਾਉਣ, ਤਾਂ ਜੋ SIR ਦੀ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾ ਸਕੇ।
