ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਦਨ ਵਿੱਚ ਪੰਜਾਬ ਸੰਕਟ ‘ਤੇ ਹੋਈ ਬਹਿਸ ਦੌਰਾਨ ਕਈ ਚੰਗੇ ਸੁਝਾਅ ਦਿੱਤੇ ਗਏ ਹਨ ਅਤੇ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ‘ਤੇ ਦੋਸਤ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਲੋਕਾਂ ਦੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਰਾਸ਼ਨ ਨਾਲ ਭਰੀਆਂ ਟਰਾਲੀਆਂ ਵੰਡੀਆਂ , ਉਹ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਐਨ.ਡੀ.ਆਰ.ਐਫ., ਭਾਰਤੀ ਫੌਜ ਅਤੇ ਸਮਾਜਿਕ ਸੰਗਠਨਾਂ ਨੇ ਵੀ ਭਰਪੂਰ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਸਰਹੱਦਾਂ ਜਾਂ ਸੀਮਾਵਾਂ ਨੂੰ ਨਹੀਂ ਦੇਖਦੀਆਂ।
ਹੁਣ ਮੁੜ ਵਸੇਬੇ ਅਤੇ ਜ਼ਿੰਦਗੀ ਨੂੰ ਪਟੜੀ ‘ਤੇ ਲਿਆਉਣ ਦਾ ਸਮਾਂ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨੁਕਸਾਨੀਆਂ ਗਈਆਂ ਫਸਲਾਂ ਲਈ ਪਹਿਲਾਂ 26 ਤੋਂ 33 ਪ੍ਰਤੀਸ਼ਤ ਲਈ 2,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਸੀ, ਜਿਸ ਨੂੰ ਉਹ ਵਧਾ ਕੇ 10,000 ਰੁਪਏ ਕਰ ਰਹੇ ਹਨ। 33 ਤੋਂ 75 ਪ੍ਰਤੀਸ਼ਤ ਦੇ ਵਿਚਕਾਰ, ਮੁਆਵਜ਼ਾ 6,800 ਰੁਪਏ ਤੋਂ ਵਧਾ ਕੇ 10,000 ਰੁਪਏ ਕੀਤਾ ਜਾ ਰਿਹਾ ਹੈ। 75 ਤੋਂ 100 ਪ੍ਰਤੀਸ਼ਤ ਨੁਕਸਾਨ ਦੇ ਲਈ ਉਹ 6,800 ਰੁਪਏ ਦੀ ਬਜਾੇ 20,000 ਰੁਪਏ ਪ੍ਰਤੀ ਏਕੜ ਦੇ ਰਹੇ ਹਨ ।
ਇਸ ਮਕਸਦ ਲਈ ਮੁੱਖ ਮੰਤਰੀ ਮਾਨ ਭਲਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ 100% ਨੁਕਸਾਨੇ ਗਏ ਘਰਾਂ ਦੇ ਲਈ ਇੱਕ ਲੱਖ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ , ਜਦੋਂ ਕਿ ਘੱਟ ਨੁਕਸਾਨੇ ਗਏ ਘਰਾਂ ਲਈ 6,500 ਰੁਪਏ ਦੀ ਬਜਾਏ 35,100 ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ 13 ਸਤੰਬਰ ਤੋਂ ਵਿਸ਼ੇਸ਼ ਸਰਵੇਖਣ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁਝ ਜ਼ਮੀਨਾਂ ਜੋ ਹੜ੍ਹਾਂ ਵਿੱਚ ਰੁੜ੍ਹ ਗਈਆਂ ਹਨ, ਉਨ੍ਹਾਂ ਲਈ ਪ੍ਰਤੀ ਹੈਕਟੇਅਰ 47,500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਪਾਣੀ ਦੀ ਨਿਕਾਸੀ ਲਈ ਪਹਿਲਾਂ ਹੀ 4.5 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
