Home ਪੰਜਾਬ ਰਾਮਗੰਜ ਮੰਡੀ ਮੋਗਾ ‘ਚ ਪ੍ਰਾਈਵੇਟ ਐਂਬੂਲੈਂਸ ‘ਤੇ ਹਮਲਾ

ਰਾਮਗੰਜ ਮੰਡੀ ਮੋਗਾ ‘ਚ ਪ੍ਰਾਈਵੇਟ ਐਂਬੂਲੈਂਸ ‘ਤੇ ਹਮਲਾ

0

ਮੋਗਾ : ਰਾਮਗੰਜ ਮੰਡੀ ਮੋਗਾ ਵਿੱਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਪ੍ਰਾਈਵੇਟ ਐਂਬੂਲੈਂਸ ਚਾਲਕ ਮਨਿੰਦਰ ਸਿੰਘ ਬਿੱਟੂ, ਵਾਸੀ ਅਹਾਤਾ ਬਦਨ ਸਿੰਘ, ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੇ ਨਾਲ-ਨਾਲ ਗੱਡੀ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਉਣਾ ਪਿਆ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਸਿਟੀ ਸਾਊਥ ਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਜਾਣਕਾਰੀ ਦਿੰਦਿਆਂ ਸਮਾਜ ਸੇਵਾ ਸੋਸਾਇਟੀ ਦੇ ਸੇਵਾਦਾਰ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਮਨਿੰਦਰ ਸਿੰਘ ਬਿੱਟੂ (30), ਜੋ ਆਪਣੀ ਪ੍ਰਾਈਵੇਟ ਐਂਬੂਲੈਂਸ ਚਲਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵਿਅਕਤੀ ਨੇ ਫੋਨ ਕਰਕੇ ਰਾਮਗੰਜ ਮੰਡੀ ਮੋਗਾ ਤੋਂ ਫ਼ਰੀਦਕੋਟ ਲਈ ਮਰੀਜ਼ ਲੈ ਕੇ ਜਾਣ ਲਈ ਕਿਹਾ। ਇਸ ‘ਤੇ ਬਿੱਟੂ ਨੇ ਕਿਹਾ ਕਿ 2500 ਰੁਪਏ ਲੱਗਣਗੇ, ਪਰ 2200 ਰੁਪਏ ਵਿੱਚ ਗੱਲ ਤੈਅ ਹੋਣ ਤੋਂ ਬਾਅਦ ਉਨ੍ਹਾਂ ਨੇ ਬਿੱਟੂ ਨੂੰ ਕਿਹਾ ਕਿ ਉਹ ਰਾਮਗੰਜ ਮੰਡੀ ਵਿੱਚ ਸਮੋਸਿਆਂ ਵਾਲੀ ਦੁਕਾਨ ਕੋਲ ਆ ਜਾਵੇ। ਅਸੀਂ ਉੱਥੋਂ ਮਰੀਜ਼ ਲੈ ਕੇ ਜਾਣਾ ਹੈ। ਜਦੋਂ ਮਨਿੰਦਰ ਸਿੰਘ ਬਿੱਟੂ ਆਪਣੀ ਐਂਬੂਲੈਂਸ ਲੈ ਕੇ ਪਹੁੰਚਿਆ ਤਾਂ ਉੱਥੇ ਖੜ੍ਹੇ ਹਥਿਆਰਬੰਦ ਨੌਜਵਾਨਾਂ ਨੇ ਉਸ ‘ਤੇ ਤਾਬੜਤੋੜ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ।

ਇਸ ਹਾਦਸੇ ਵਿੱਚ ਬਿੱਟੂ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਉਹ ਲਹੂ-ਲੁਹਾਨ ਹੋ ਗਿਆ। ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਹਮਲਾਵਰ ਆਪਣੇ ਮੋਟਰਸਾਈਕਲਾਂ ‘ਤੇ ਫ਼ਰਾਰ ਹੋ ਗਏ। ਸੰਨਿਆਸੀ ਨੇ ਕਿਹਾ ਕਿ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੈ।

ਉਨ੍ਹਾਂ ਅਤੇ ਮਨਿੰਦਰ ਬਿੱਟੂ ਦੇ ਪਿਤਾ ਹਰਬਿੰਦਰ ਬਡੂਵਾਲੀਆ ਨੇ ਕਿਹਾ ਕਿ ਬਿੱਟੂ ਦੀ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਹੈ, ਪਰ ਉਸ ‘ਤੇ ਹਮਲਾ ਕਿਉਂ ਹੋਇਆ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਜ਼ਿਲ੍ਹਾ ਪੁਲਿਸ ਅਧਿਕਾਰੀ ਨੂੰ ਕਿਹਾ ਕਿ ਸਾਨੂੰ ਇਨਸਾਫ਼ ਚਾਹੀਦਾ ਹੈ ਅਤੇ ਹਮਲਾਵਰਾਂ ਨੂੰ ਕਾਬੂ ਕੀਤਾ ਜਾਵੇ।

ਜਦੋਂ ਇਸ ਸਬੰਧ ਵਿੱਚ ਥਾਣਾ ਸਿਟੀ ਸਾਊਥ ਦੇ ਮੁਖੀ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਨ। ਜਲਦੀ ਹੀ ਹਮਲਾਵਰਾਂ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਨਿੰਦਰ ਬਿੱਟੂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version