ਭੂਟਾਨ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ, ਮੰਗਲਵਾਰ 11 ਨਵੰਬਰ ਨੂੰ ਭੂਟਾਨ ਦੇ ਦੌਰੇ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਭੂਟਾਨ ਦੌਰਾ 11 ਤੋਂ 12 ਨਵੰਬਰ ਤੱਕ ਦੋ ਦਿਨਾਂ ਦਾ ਹੋਵੇਗਾ ਅਤੇ ਇਹ ਇੱਕ ਰਾਜਕੀ ਦੌਰਾ ਹੈ। ਕੁਝ ਦੇਰ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੇ ਭੂਟਾਨ ਲਈ ਉਡਾਣ ਭਰੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਵੀ ਦਿੱਤੀ।
ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ ਪੀ.ਐਮ. ਮੋਦੀ
ਭੂਟਾਨ ਦੌਰੇ ਦੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ (Bhutan King Jigme Khesar Namgyel Wangchuck) ਦੇ ਨਾਲ ਮਿਲ ਕੇ, ਪ੍ਰਧਾਨ ਮੰਤਰੀ ਮੋਦੀ ਭਾਰਤ ਸਰਕਾਰ ਅਤੇ ਭੂਟਾਨ ਸਰਕਾਰ ਦੁਆਰਾ ਸਾਂਝੇ ਤੌਰ ‘ਤੇ ਵਿਕਸਤ ਕੀਤੀ ਗਈ 1020 ਮੈਗਾਵਾਟ ਦੀ ਪੁਨਾਤਸਾਂਗਛੂ-II ਜਲ-ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ, ਪੀ.ਐਮ. ਮੋਦੀ ਚੌਥੇ ਭੂਟਾਨ ਦੇ ਰਾਜੇ ਜਿਗਮੇ ਸਿੰਗਯੇ ਵਾਂਗਚੁਕ ਦੇ 70ਵੇਂ ਜਨਮਦਿਨ ਮੌਕੇ ਕਰਵਾਏ ਜਾ ਰਹੇ ਸਮਾਗਮ ਵਿੱਚ ਵੀ ਹਿੱਸਾ ਲੈਣਗੇ। ਇਸ ਦੌਰੇ ਦੌਰਾਨ, ਪੀ.ਐਮ. ਮੋਦੀ ਥਿੰਪੂ ਦੇ ਤਾਸ਼ੀਚੋਡਜ਼ੋਂਗ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪੂਜਾ-ਅਰਚਨਾ ਕਰਨਗੇ ਅਤੇ ਭੂਟਾਨ ਸਰਕਾਰ ਦੁਆਰਾ ਆਯੋਜਿਤ ਵਿਸ਼ਵ ਸ਼ਾਂਤੀ ਪ੍ਰਾਰਥਨਾ ਮਹੋਤਸਵ ਵਿੱਚ ਵੀ ਹਿੱਸਾ ਲੈਣਗੇ।
ਦੁਵੱਲੇ ਸਬੰਧਾਂ ਵਿੱਚ ਹੋਰ ਮਜ਼ਬੂਤੀ ‘ਤੇ ਰਹੇਗਾ ਜ਼ੋਰ
ਭੂਟਾਨ ਦੌਰੇ ਦੌਰਾਨ ਪੀਐਮ ਮੋਦੀ, ਭੂਟਾਨ ਨਰੇਸ਼ ਦੇ ਨਾਲ ਹੀ ਭੂਟਾਨ ਦੇ ਪੀ.ਐਮ. ਸ਼ੇਰਿੰਗ ਤੋਬਗੇ (Tshering Tobgay) ਨਾਲ ਵੀ ਮੁਲਾਕਾਤ ਕਰਨਗੇ। ਇਨ੍ਹਾਂ ਮੁਲਾਕਾਤਾਂ ਦੌਰਾਨ ਦੋਹਾਂ ਦੇਸ਼ਾਂ ਦੇ ਦੁਵੱਲੇ ਰਿਸ਼ਤੇ, ਜੋ ਪਹਿਲਾਂ ਤੋਂ ਹੀ ਕਾਫ਼ੀ ਮਜ਼ਬੂਤ ਹਨ, ਵਿੱਚ ਹੋਰ ਮਜ਼ਬੂਤੀ ਲਿਆਉਣ ‘ਤੇ ਜ਼ੋਰ ਰਹੇਗਾ ਗੌਰਤਲਬ ਹੈ ਕਿ ਭਾਰਤ ਅਤੇ ਭੂਟਾਨ ਦੇ ਵਿਚਕਾਰ ਇੱਕ ਵਿਸ਼ੇਸ਼ ਭਾਈਵਾਲੀ ਹੈ ਜੋ ਇੱਕ-ਦੂਜੇ ਪ੍ਰਤੀ ਡੂੰਘੇ ਆਪਸੀ ਭਰੋਸੇ, ਸਦਭਾਵਨਾ ਅਤੇ ਸਨਮਾਨ ‘ਤੇ ਅਧਾਰਿਤ ਹੈ। ਸਾਂਝੀ ਆਧਿਆਤਮਿਕ ਵਿਰਾਸਤ ਅਤੇ ਲੋਕਾਂ ਦੇ ਵਿਚਕਾਰ ਮਧੁਰ ਸਬੰਧ ਇਸ ਵਿਸ਼ੇਸ਼ ਭਾਈਵਾਲੀ ਦੀ ਪਛਾਣ ਹਨ। ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਦੋਵਾਂ ਦੇਸ਼ਾਂ ਲਈ ਦੁਵੱਲੇ ਭਾਈਵਾਲੀ ਨੂੰ ਹੋਰ ਵਧਾਉਣ ਦੇ ਨਾਲ-ਨਾਲ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਆਪਕ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਹੈ।
