Home ਪੰਜਾਬ ਬੋਨੀ ਅਜਨਾਲਾ ਵੱਲੋਂ ਦਾਅਵੇਦਾਰੀ ਪੇਸ਼ ਕਰਨ ਨਾਲ ਵਧੀ ਸਿਆਸੀ ਹਲਚਲ

ਬੋਨੀ ਅਜਨਾਲਾ ਵੱਲੋਂ ਦਾਅਵੇਦਾਰੀ ਪੇਸ਼ ਕਰਨ ਨਾਲ ਵਧੀ ਸਿਆਸੀ ਹਲਚਲ

0

ਅੰਮ੍ਰਿਤਸਰ: ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਮੁੜ ਹੋਏ ਸਿਆਸੀ ਗਠਜੋੜ ਤੋਂ ਬਾਅਦ ਹੁਣ ਸੀਟਾਂ ਦੀ ਵੰਡ ਨੂੰ ਲੈ ਕੇ ਰੱਸਾਕਸ਼ੀ ਸ਼ੁਰੂ ਹੋ ਗਈ ਹੈ। ਇਸ ਕੜੀ ਤਹਿਤ ਸਰਹੱਦੀ ਹਲਕਾ ਅਜਨਾਲਾ ਗਠਜੋੜ ਦਰਮਿਆਨ ਟਕਰਾਅ ਦਾ ਪਹਿਲਾ ਵੱਡਾ ਕੇਂਦਰ ਬਣ ਕੇ ਉੱਭਰਿਆ ਹੈ, ਜਿੱਥੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ‘ਬੋਨੀ’ ਅਜਨਾਲਾ ਨੇ ਚੋਣ ਲੜਨ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।

ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਵਾਲੇ ਬੋਨੀ ਅਜਨਾਲਾ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਤੋਂ ਅਜਨਾਲਾ ਸੀਟ ਤੋਂ ਚੋਣ ਲੜਨ ਸਬੰਧੀ ਰਾਏ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 21 ਸਾਲਾਂ ਤੋਂ ਸਰਗਰਮ ਸਿਆਸਤ ਵਿੱਚ ਹਨ ਅਤੇ ਉਨ੍ਹਾਂ ਦਾ ਪਰਿਵਾਰ 45 ਸਾਲਾਂ ਤੋਂ ਹਲਕੇ ਦੀ ਸੇਵਾ ਕਰ ਰਿਹਾ ਹੈ। ਅਜਨਾਲਾ ਨੂੰ ਆਪਣੀ ਜਨਮ ਭੂਮੀ ਅਤੇ ਕਰਮ ਭੂਮੀ ਦੱਸਦਿਆਂ ਬੋਨੀ ਨੇ ਦਾਅਵਾ ਕੀਤਾ ਕਿ ਹਲਕੇ ਦੀਆਂ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਣ ਕਾਰਨ ਜੇਕਰ ਪਾਰਟੀ ਉਨ੍ਹਾਂ ਨੂੰ ਮੌਕਾ ਦਿੰਦੀ ਹੈ, ਤਾਂ ਉਹ ਇਹ ਸੀਟ ਜ਼ਰੂਰ ਜਿੱਤਣਗੇ।

ਦੂਜੇ ਪਾਸੇ, ਬੋਨੀ ਅਜਨਾਲਾ ਦੀ ਇਸ ਦਾਅਵੇਦਾਰੀ ਨੇ ਗਠਜੋੜ ਅੰਦਰ ਪੇਚ ਫਸਾ ਦਿੱਤਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਤੰਬਰ ਮਹੀਨੇ ਪਿੰਡ ਉਗਰ ਔਲਖ ਵਿਖੇ ਹੋਈ ‘ਪੰਜਾਬ ਬਚਾਓ ਰੈਲੀ’ ਦੌਰਾਨ ਪਹਿਲਾਂ ਹੀ ਜੋਧ ਸਿੰਘ ਸਮਰਾ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨ ਚੁੱਕੇ ਹਨ, ਜਿਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਦਾ ਵੀ ਸਮਰਥਨ ਹਾਸਲ ਹੈ। ਰਵਾਇਤੀ ਤੌਰ ‘ਤੇ ਅਜਨਾਲਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਅਤੇ ਬੋਨੀ ਖੁਦ ਵੀ ਪਹਿਲਾਂ ਅਕਾਲੀ ਦਲ ਦੀ ਟਿਕਟ ‘ਤੇ ਇੱਥੋਂ ਵਿਧਾਇਕ ਰਹਿ ਚੁੱਕੇ ਹਨ।

ਫਿਲਹਾਲ ਭਾਜਪਾ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਹੈ ਕਿ ਸੀਟਾਂ ਦੀ ਵੰਡ ਜਾਂ ਟਿਕਟਾਂ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ। ਦੋਵਾਂ ਪਾਰਟੀਆਂ ਦੀ ਸਿਖਰਲੀ ਲੀਡਰਸ਼ਿਪ, ਜਿਸ ਵਿੱਚ ਅਮਿਤ ਸ਼ਾਹ ਅਤੇ ਸੁਖਬੀਰ ਸਿੰਘ ਬਾਦਲ ਸ਼ਾਮਲ ਹਨ, ਆਪਸੀ ਸਲਾਹ-ਮਸ਼ਵਰੇ ਅਤੇ ਉਮੀਦਵਾਰ ਦੀ ਜਿੱਤਣ ਦੀ ਸਮਰੱਥਾ (ਵਿਨੇਬਿਲਟੀ) ਨੂੰ ਮੁੱਖ ਰੱਖਦਿਆਂ ਹੀ ਅੰਤਿਮ ਮੋਹਰ ਲਗਾਏਗੀ।

NO COMMENTS

LEAVE A REPLY

Please enter your comment!
Please enter your name here

Exit mobile version