Home ਦੇਸ਼ ਪੁਲਿਸ ਦਾ SPO ਹੀ ਨਿਕਲਿਆ ਅਫ਼ੀਮ ਤਸਕਰ

ਪੁਲਿਸ ਦਾ SPO ਹੀ ਨਿਕਲਿਆ ਅਫ਼ੀਮ ਤਸਕਰ

0

ਚਾਈਬਾਸਾ: ਅਪਰਾਧੀਆਂ ‘ਤੇ ਨਜ਼ਰ ਰੱਖਣ ਅਤੇ ਪੁਲਿਸ ਨੂੰ ਗੁਪਤ ਜਾਣਕਾਰੀ ਮੁਹੱਈਆ ਕਰਵਾਉਣ ਵਾਲਾ ਵਿਅਕਤੀ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਹੈ। ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਪੁਲਿਸ ਨੇ ਆਪਣੇ ਹੀ ਸਪੈਸ਼ਲ ਪੁਲਿਸ ਅਫ਼ਸਰ (SPO) ਕੁੰਵਰ ਸਿੰਘ ਗਾਗਰਾਈ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਕੋਲੋਂ 1.04 ਕਿਲੋ ਅਫ਼ੀਮ ਬਰਾਮਦ ਹੋਈ ਹੈ, ਜਿਸ ਦੀ ਕੀਮਤ 5 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸੋਨੂਆ ਇਲਾਕੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕੀਤੀ ਗਈ। 23 ਨਵੰਬਰ ਨੂੰ ਬਾਂਝੀਕੁਸੁਮ ਮੋੜ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੇ SPO ਕੁੰਵਰ ਸਿੰਘ ਗਾਗਰਾਈ ਅਤੇ ਉਸ ਦੇ ਸਾਥੀ ਰੇਲਾ ਹੋਰੋ ਉਰਫ਼ ਰੇਲਾ ਕੱਛਪ ਨੂੰ ਕਾਬੂ ਕਰ ਲਿਆ।

ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1.04 ਕਿਲੋਗ੍ਰਾਮ ਅਫ਼ੀਮ, ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਅਤੇ ਤਿੰਨ ਸਮਾਰਟਫੋਨ ਬਰਾਮਦ ਕੀਤੇ ਗਏ। ਇਸ ਮਾਮਲੇ ਦਾ ਖ਼ੁਲਾਸਾ ਚੱਕਰਧਰਪੁਰ ਦੇ ਐੱਸ.ਡੀ.ਪੀ.ਓ. ਡਾ. ਸਈਦ ਮੁਸਤਫ਼ਾ ਹਾਸ਼ਮੀ ਨੇ ਕੀਤਾ।

ਪੁਲਿਸ ਅਧਿਕਾਰੀ ਮੁਤਾਬਕ ਕੁੰਵਰ ਸਿੰਘ ਗਾਗਰਾਈ ਨੂੰ ਪਿੰਡਾਂ ਅਤੇ ਜੰਗਲਾਂ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਸੂਚਨਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪਰ ਦੋਸ਼ ਹੈ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਖ਼ੁਦ ਹੀ ਅਫ਼ੀਮ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਮੂਲੀਅਤ ਕਰ ਲਈ।

ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਪਿਛਲੇ 3 ਤੋਂ 4 ਸਾਲਾਂ ਤੋਂ ਅਫ਼ੀਮ ਦੀ ਖੇਤੀ ਅਤੇ ਇਸ ਦੀ ਖ਼ਰੀਦੋ-ਫ਼ਰੋਖ਼ਤ ਦੇ ਧੰਦੇ ਵਿੱਚ ਲੱਗੇ ਹੋਏ ਸਨ।

ਐੱਸ.ਡੀ.ਪੀ.ਓ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੁੰਵਰ ਸਿੰਘ ਗਾਗਰਾਈ ਨੂੰ SPO ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਦੇ ਸੂਚਨਾ ਤੰਤਰ ਦਾ ਹਿੱਸਾ ਰਹੇ ਵਿਅਕਤੀ ਦੇ ਨਸ਼ਾ ਤਸਕਰੀ ਵਿੱਚ ਫੜੇ ਜਾਣ ਤੋਂ ਬਾਅਦ ਵਿਭਾਗ ਦੀ ਨਿਗਰਾਨੀ ਅਤੇ ਕਾਰਜਪ੍ਰਣਾਲੀ ‘ਤੇ ਵੀ ਸਵਾਲ ਉੱਠ ਰਹੇ ਹਨ। ਫਿਲਹਾਲ ਪੁਲਿਸ ਰਿਮਾਂਡ ਦੌਰਾਨ ਦੋਵਾਂ ਤੋਂ ਅਫ਼ੀਮ ਦੀ ਸਪਲਾਈ ਅਤੇ ਇਸ ਨਾਲ ਜੁੜੇ ਪੂਰੇ ਨੈੱਟਵਰਕ ਬਾਰੇ ਪੁੱਛਗਿੱਛ ਕਰ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version