Home ਹਰਿਆਣਾ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇਂ ’ਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ, ਪੁਲਿਸ ਨੇ...

ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇਂ ’ਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ, ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ

0

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੱਜ ਸਵੇਰ ਤੋਂ ਲਗਾਤਾਰ ਭਾਰੀ ਮੀਂਹ ਨੇ ਸ਼ਹਿਰ ਦੀ ਰਫ਼ਤਾਰ ਰੋਕ ਦਿੱਤੀ ਹੈ। ਲਗਭਗ ਪੰਜ ਘੰਟੇ ਤੱਕ ਮੀਂਹ ਪੈਣ ਤੋਂ ਬਾਅਦ, ਕਈ ਇਲਾਕਿਆ ਚ ਪਾਣੀ ਨਾਲ ਭਰ ਗਿਆ ਹੈ। ਸੜਕਾਂ ‘ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ ਹੈ।

ਗੁਰੂਗ੍ਰਾਮ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ, ਨਿੱਜੀ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣ ਤਾਂ ਜੋ ਆਵਾਜਾਈ ਦੀ ਭੀੜ ਘੱਟ ਹੋ ਸਕੇ ਅਤੇ ਟ੍ਰੈਫਿਕ ਜਾਮ ਨੂੰ ਕੰਟਰੋਲ ਕੀਤਾ ਜਾ ਸਕੇ।

ਸਵੇਰੇ 4 ਵਜੇ ਤੋਂ ਪੈ ਰਿਹਾ ਹੈ ਮੀਂਹ

ਜਾਣਕਾਰੀ ਦੇ ਅਨੁਸਾਰ, ਗੁਰੂਗ੍ਰਾਮ ਵਿੱਚ ਸਵੇਰੇ ਲਗਭਗ 4 ਵਜੇ ਮੀਂਹ ਸ਼ੁਰੂ ਹੋਇਆ। ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ।

ਸੈਕਟਰ 5, ਸੈਕਟਰ 10, ਸ਼ੀਤਲਾ ਮਾਤਾ ਰੋਡ, ਦਿੱਲੀ ਰੋਡ, ਕ੍ਰਿਸ਼ਨਾ ਕਲੋਨੀ, ਨਵੀਂ ਕਲੋਨੀ, ਡੀਐਲਐਫ ਖੇਤਰ, ਸੈਕਟਰ 31 ਅਤੇ ਸੈਕਟਰ 51 ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆਈ ਹੈ।

ਲਗਭਗ ਪੰਜ ਘੰਟਿਆਂ ਵਿੱਚ ਗੁਰੂਗ੍ਰਾਮ ਵਿੱਚ ਲਗਭਗ 90 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਕਈ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਆਵਾਜਾਈ ਵਿੱਚ ਵਿਘਨ ਪਿਆ।

ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ

  • ਗੁਰੂਗ੍ਰਾਮ ਪੁਲਿਸ ਨੇ ਭਾਰੀ ਮੀਂਹ ਦੇ ਮੱਦੇਨਜ਼ਰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਹੈ ਕਿ ਲਗਾਤਾਰ ਮੀਂਹ ਪੈਣ ਦੇ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਰਾਹਿਆਂ ‘ਤੇ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਹੋਣ ਦੀ ਸੰਭਾਵਨਾ ਵੱਧ ਗਈ ਹੈ।
  • ਪੁਲਿਸ ਨੇ ਕਾਰਪੋਰੇਟ ਕੰਪਨੀਆਂ ਅਤੇ ਨਿੱਜੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣ। ਇਸ ਨਾਲ ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਘੱਟ ਜਾਵੇਗੀ ਅਤੇ ਪ੍ਰਸ਼ਾਸਨ ਨੂੰ ਆਵਾਜਾਈ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਮਿਲੇਗੀ।
  • ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਜ਼ਰੂਰੀ ਕੰਮ ਹੋਣ ’ਤੇ ਹੀ ਘਰ ਤੋਂ ਬਾਹਰ ਨਿਕਲਣ ਅਤੇ ਮੀਂਹ ਦੇ ਦੌਰਾਨ ਸਾਵਧਾਨੀ ਵਰਤਣ।

ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ

ਮੌਸਮ ਵਿਭਾਗ ਦੇ ਅਨੁਸਾਰ, ਪਿਛਲੇ 12 ਘੰਟਿਆਂ ਵਿੱਚ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਹੈ। ਪਲਵਲ ਵਿੱਚ ਸਭ ਤੋਂ ਵੱਧ 78 ਮਿਲੀਮੀਟਰ ਮੀਂਹ ਪਿਆ।

ਇਸ ਤੋਂ ਇਲਾਵਾ, ਗੁਰੂਗ੍ਰਾਮ ਦੇ ਨੌਰਥਕੈਪ ਯੂਨੀਵਰਸਿਟੀ ਖੇਤਰ ਵਿੱਚ 57 ਮਿਲੀਮੀਟਰ, ਯਮੁਨਾਨਗਰ ਦੇ ਹਥਿਨੀਕੁੰਡ ਬੈਰਾਜ ਵਿੱਚ 32 ਮਿਲੀਮੀਟਰ, ਫਤਿਹਾਬਾਦ ਵਿੱਚ 26.5 ਮਿਲੀਮੀਟਰ, ਨਾਰਨੌਲ ਵਿੱਚ 19 ਮਿਲੀਮੀਟਰ ਅਤੇ ਸੋਨੀਪਤ ਵਿੱਚ 18.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਭਿਵਾਨੀ, ਹਿਸਾਰ, ਰੋਹਤਕ, ਦਾਦਰੀ, ਅੰਬਾਲਾ, ਜੀਂਦ, ਮਹਿੰਦਰਗੜ੍ਹ, ਮੇਵਾਤ, ਸਿਰਸਾ, ਕਰਨਾਲ ਅਤੇ ਕੈਥਲ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ।

ਮੌਸਮ ਵਿਭਾਗ ਨੇ ਜਤਾਈ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸੂਬੇ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਬੱਦਲਵਾਈ ਹੈ। ਆਉਣ ਵਾਲੇ ਦਿਨਾਂ ਵਿੱਚ ਕਈ ਇਲਾਕਿਆਂ ਵਿੱਚ ਮੀਂਹ ਜਾਰੀ ਰਹਿਣ ਦੀ ਉਮੀਦ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਪਾਣੀ ਭਰੇ ਇਲਾਕਿਆਂ ਤੋਂ ਬਚਣ ਅਤੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version