ਚੰਡੀਗੜ੍ਹ: ਟਰਾਂਸਪੋਰਟ ਏਰੀਆ ਵਿੱਚ ਹੈਰੋਇਨ ਵੇਚਣ ਵਾਲੇ ਇੱਕ ਨੌਜਵਾਨ ਨੂੰ ਪੁਲਿਸ ਨੇ ਸੈਕਟਰ-26 ਸਥਿਤ ਪੁਲਿਸ ਲਾਈਨ ਨੇੜਿਓਂ ਕਾਬੂ ਕੀਤਾ ਹੈ। ਇਸ ਦੀ ਪਛਾਣ ਅੰਕਿਤ ਵਾਸੀ ਬਾਪੂਧਾਮ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 25.8 ਗ੍ਰਾਮ ਹੈਰੋਇਨ ਬਰਾਮਦ ਹੋਈ। ਸੈਕਟਰ-26 ਥਾਣੇ ਦੀ ਪੁਲਿਸ ਨੇ ਹੈਰੋਇਨ ਬਰਾਮਦ ਕਰਕੇ ਮੁਲਜ਼ਮ ਅੰਕਿਤ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ।
ਅਦਾਲਤ ਨੇ ਮੁਲਜ਼ਮ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਬਾਪੂਧਾਮ ਚੌਕੀ ਇੰਚਾਰਜ ਸਤੀਸ਼ ਕੁਮਾਰ ਥਾਣਾ ਇੰਚਾਰਜ ਮਨਿੰਦਰ ਦੀ ਅਗਵਾਈ ‘ਚ ਪੁਲਿਸ ਟੀਮ ਨਾਲ ਪੁਲਿਸ ਲਾਈਨ ਦੇ ਬਾਹਰ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬਾਪੂਧਾਮ ਤੋਂ ਆ ਰਿਹਾ ਨੌਜਵਾਨ ਪੁਲਿਸ ਲਾਈਨ ਦੇ ਗੇਟ ਨੰਬਰ-4 ਵੱਲ ਨੂੰ ਵਾਪਸ ਜਾਣ ਲੱਗਾ। ਪੁਲਿਸ ਟੀਮ ਨੂੰ ਸ਼ੱਕ ਹੋਇਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਨੌਜਵਾਨ ਭੱਜਣ ਲੱਗਾ ਤਾਂ ਪੁਲਿਸ ਟੀਮ ਨੇ ਕੁਝ ਦੂਰ ਜਾ ਕੇ ਉਸ ਨੂੰ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇੱਕ ਗ੍ਰਾਮ ਹੈਰੋਇਨ 4 ਹਜ਼ਾਰ ਰੁਪਏ ਵਿੱਚ ਵੇਚਦਾ ਸੀ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲਿਆਉਂਦਾ ਸੀ।