ਮਲੋਟ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਦੇ ਨਿਰਦੇਸ਼ਾਂ ‘ਤੇ , ਅਸਮਾਜਿਕ ਤੱਤਾਂ ਦੇ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਪੁਲਿਸ ਨੇ 65 ਲੱਖ ਰੁਪਏ ਤੋਂ ਜ਼ਿਆਦਾ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੰਜ ਲੋਕਾਂ (ਚਾਰ ਔਰਤਾਂ ਸਮੇਤ) ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਸੋਨਾ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਨੇ ਘਰੋਂ ਚੋਰੀ ਕੀਤਾ ਸੀ। ਇਸ ਮਾਮਲੇ ‘ਚ ਅਗਲੇਰੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਸੋਨਾ ਖਰੀਦਣ ਵਾਲੇ ਸੁਨਿਆਰੇ ਸੁੱਖੀ ਦਾ ਨਾਂ ਵੀ ਸ਼ਾਮਲ ਕੀਤਾ ਸੀ।
ਪੁਲਿਸ ਨੇ ਪਹਿਲਾਂ ਹੀ ਦਰਜ ਕੇਸ ਵਿੱਚ ਧੋਖਾਧੜੀ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ। ਇਸ ਸਬੰਧੀ ਮਲੋਟ ਦੇ ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਪਰੈਲ ਮਹੀਨੇ ਦੇ ਸ਼ੁਰੂ ਵਿੱਚ ਬਲਦੇਵ ਰਾਜ ਪੁੱਤਰ ਸੋਹਣ ਲਾਲ ਵਾਸੀ ਗੁਰੂ ਨਾਨਕ ਨਗਰ ਮਲੋਟ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਰਾਣੀ ਸ਼ਰਮਾ ਨੇ ਉਨ੍ਹਾਂ ਦੇ ਘਰੋਂ 400 ਗ੍ਰਾਮ ਸੋਨੇ ਦੇ ਬਿਸਕੁਟ ਚੋਰੀ ਕਰ ਲਏ ਸਨ। ਉਸ ਨੇ ਆਪਣੀਆਂ ਸਹੇਲੀਆਂ- ਸੁਮਨ ਰਾਣੀ, ਉਸ ਦੇ ਪਤੀ ਸੁਰੇਸ਼ ਨਾਗਪਾਲ (ਜੋ ਕਿ ਸਰਾਭਾ ਨਗਰ ਦਾ ਰਹਿਣ ਵਾਲਾ ਹੈ), ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ, ਵਾਸੀ ਹਰਜਿੰਦਰ ਨਗਰ ਅਤੇ ਗੁਰਪ੍ਰੀਤ ਦੀ ਪਤਨੀ ਪਰਮਜੀਤ ਕੌਰ ਅਤੇ ਮਾਤਾ ਰਾਜਵੰਤ ਕੌਰ ਨਾਲ ਮਿਲ ਕੇ ਇਹ ਸੋਨਾ ਸੁਖਵਿੰਦਰ ਸਿੰਘ ‘ਸੁੱਖੀ’, ਜੋ ਕਿ ਜੈਵੇਲਰਜ਼ ਮੋਡਰ ਦੇ ਮਾਲਕ ਸੁਖਵਿੰਦਰ ਸਿੰਘ ਦੀ ਦੁਕਾਨ ‘ਤੇ ਵੇਚਿਆ ਸੀ।
ਇਸ ਤੋਂ ਸੁੱਖੀ ਨੇ ਕੁਝ ਸੋਨੇ ਦੇ ਗਹਿਣੇ ਬਣਾ ਲਏ ਅਤੇ ਕੁਝ ਨਕਦੀ ਗੁਰਪ੍ਰੀਤ ਸਿੰਘ ਅਤੇ ਸੁਮਨ ਨਾਗਪਾਲ ਦੇ ਪਤੀ ਨੂੰ ਦੇ ਦਿੱਤੀ। ਇਸ ਮਾਮਲੇ ਵਿੱਚ ਐੱਸ.ਐੱਚ.ਓ. ਵਰੁਣ ਕੁਮਾਰ ਯਾਦਵ ਨੇ ਆਧੁਨਿਕ ਤਕਨੀਕ ਦੀ ਮਦਦ ਨਾਲ ਜਾਂਚ ਕੀਤੀ ਅਤੇ ਥਾਣਾ ਸਿਟੀ ਮਲੋਟ ਵਿੱਚ ਪੁਲੀਸ ਨੇ ਸੁਮਨ ਰਾਣੀ, ਉਸ ਦੇ ਪਤੀ ਸੁਰੇਸ਼ ਨਾਗਪਾਲ, ਪਰਮਜੀਤ ਕੌਰ, ਰਾਜਵੰਤ ਕੌਰ, ਰਾਣੀ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਡੀ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਮਾਮਲੇ ‘ਚ ਸੁਖਵਿੰਦਰ ਸਿੰਘ ‘ਸੁੱਖੀ’ ਸੁਨਾਰ ਦਾ ਨਾਂ ਵੀ ਸ਼ਾਮਲ ਕਰ ਲਿਆ ਹੈ ਅਤੇ ਪਹਿਲਾਂ ਦਰਜ ਧਾਰਾਵਾਂ ਦੇ ਨਾਲ-ਨਾਲ ਧੋਖਾਧੜੀ ਦੀ ਧਾਰਾ ਵੀ ਜੋੜ ਦਿੱਤੀ ਹੈ। ਅੱਜ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਸੁਮਨ, ਪਰਮਜੀਤ ਕੌਰ, ਰਾਜਵੰਤ ਕੌਰ, ਰਾਣੀ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕੁਝ ਨਕਦੀ ਤੇ ਸੋਨਾ ਵੀ ਬਰਾਮਦ ਕੀਤਾ ਹੈ। ਪੁਲਿਸ ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲੈ ਰਹੀ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।
