Home ਪੰਜਾਬ ਨਵਾਂਸ਼ਹਿਰ ‘ਚ ਵਿਅਕਤੀ ਦਾ ਕਤਲ ਕਰਨ ਆਏ ਤਿੰਨ ਸ਼ੂਟਰਾਂ ‘ਚੋਂ ਦੋ ਨੂੰ...

ਨਵਾਂਸ਼ਹਿਰ ‘ਚ ਵਿਅਕਤੀ ਦਾ ਕਤਲ ਕਰਨ ਆਏ ਤਿੰਨ ਸ਼ੂਟਰਾਂ ‘ਚੋਂ ਦੋ ਨੂੰ ਪੁਲਿਸ ਨੇ ਕਰਾਸ ਫਾਇਰਿੰਗ ਤੋਂ ਬਾਅਦ ਕੀਤਾ ਕਾਬੂ

0

ਨਵਾਂਸ਼ਹਿਰ: ਨਵਾਂਸ਼ਹਿਰ ‘ਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ। ਵਿਦੇਸ਼ ਬੈਠੇ ਗੈਂਗਸਟਰ ਖੱਤਰੀ ਗੈਂਗ ਦੇ ਮੈਂਬਰਾਂ ਦੇ ਇਸ਼ਾਰੇ ‘ਤੇ ਨਵਾਂਸ਼ਹਿਰ ਦੇ ਮੂਸਾਪੁਰ ਰੋਡ ‘ਤੇ ਇਕ ਵਿਅਕਤੀ ਦਾ ਕਤਲ ਕਰਨ ਆਏ ਤਿੰਨ ਸ਼ੂਟਰਾਂ ‘ਚੋਂ ਦੋ ਨੂੰ ਪੁਲਿਸ ਨੇ ਕਰਾਸ ਫਾਇਰਿੰਗ ਤੋਂ ਬਾਅਦ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ।

ਅੱਜ ਪ੍ਰੈਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਬਾਈਕ ਸਵਾਰ ਤਿੰਨ ਸ਼ੂਟਰ ਇੱਕ ਵਿਅਕਤੀ ਨੂੰ ਮਾਰਨ ਦੀ ਨੀਅਤ ਨਾਲ ਮੂਸਾਪੁਰ ਰੋਡ ‘ਤੇ ਰੇਲਵੇ ਫਾਟਕ ਨੇੜੇ ਆਏ ਸਨ। ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੇ ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਦੀ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਖੱਤਰੀ ਗਰੋਹ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਦੋ ਸ਼ੂਟਰਾਂ ਨੂੰ ਦੋ-ਦੋ ਗੋਲੀਆਂ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਏ। ਐੱਸ.ਐੱਸ.ਪੀ. ਨੇ ਦੱਸਿਆ ਕਿ ਗੋਲੀਬਾਰੀ ‘ਚ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ, ਜਦਕਿ ਇਕ ਗੋਲੀਬਾਰੀ ਦੀ ਗੋਲੀ ਇੰਸਪੈਕਟਰ ਨੀਰਜ ਦੇ ਕੰਨ ਦੇ ਬਿਲਕੁਲ ਨੇੜੇ ਤੋਂ ਲੰਘ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਅਤੇ ਗੋਲੀ ਚਲਾਉਣ ਵਾਲੇ ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਫੜੇ ਗਏ ਸ਼ੂਟਰਾਂ ਦੀ ਪਛਾਣ ਅਜੈਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਉੜਾਪੜ (ਨਵਾਂਸ਼ਹਿਰ), ਅਜੈ ਪੁੱਤਰ ਬਿਹਾਰੀ ਵਾਸੀ ਜਲੰਧਰ ਅਤੇ ਫਰਾਰ ਸ਼ੂਟਰ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ 30 ਬੋਰ ਦੇ 2 ਪਿਸਤੌਲ, 3 ਮੈਗਜ਼ੀਨ, 10 ਜਿੰਦਾ ਕਾਰਤੂਸ, 6 ਖਾਲੀ ਖੋਲ ਅਤੇ ਇੱਕ ਗਲਾਕ 9 ਐਮ.ਐਮ. ਬਰਾਮਦ ਹੋਈ ਹੈ ।

ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਵਿਦੇਸ਼ ਵਿੱਚ ਬੈਠ ਕੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਖੱਤਰੀ ਗੈਂਗ ਦੇ ਮੈਂਬਰ ਸਾਬੀ ਮੀਰਪੁਰ, ਪ੍ਰਣਵ ਸਹਿਗਲ ਉਰਫ਼ ਪਾਰੂ ਨਵਾਂਸ਼ਹਿਰ ਅਤੇ ਗੱਗੀ ਸਮੇਤ ਕੁੱਲ 8 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦਵਿੰਦਰ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਕਤਲ ਦੀ ਕੋਸ਼ਿਸ਼ ਦਾ ਕਾਰਨ ਪੁਰਾਣੀ ਦੁਸ਼ਮਣੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਅਜੈ ਪੁੱਤਰ ਬਿਹਾਰੀ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 5 ਕੇਸ ਦਰਜ ਹਨ। ਇਸ ਮੌਕੇ ਐਸ.ਪੀ. ਇਨਵੈਸਟੀਗੇਸ਼ਨ ਸਰਵਜੀਤ ਸਿੰਘ ਵਾਹੀਆ, ਐਸ.ਐਚ.ਓ. ਨਵਾਂਸ਼ਹਿਰ ਸਿਟੀ ਇੰਸਪੈਕਟਰ ਅਵਤਾਰ ਸਿੰਘ ਅਤੇ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਨੀਰਜ ਚੌਧਰੀ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version