ਆਂਧਰਾ ਪ੍ਰਦੇਸ਼: ਦੱਖਣੀ ਭਾਰਤੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਅਤੇ ਉਨ੍ਹਾਂ ਦੀ ਪਤਨੀ ਅੰਨਾ ਕੋਨੀਡੇਲਾ ਨੇ ਵਿਆਹ ਦੇ 13 ਸਾਲਾਂ ਬਾਅਦ ਆਪਸੀ ਸਹਿਮਤੀ ਨਾਲ ਇੱਕ-ਦੂਜੇ ਤੋਂ ਵੱਖ ਹੋਣ ਦਾ ਅਧਿਕਾਰਤ ਐਲਾਨ ਕੀਤਾ ਹੈ। ਦੋਵਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਆਪਣੇ ਸ਼ੁਭਚਿੰਤਕਾਂ ਅਤੇ ਕਰੀਬੀ ਲੋਕਾਂ ਨੂੰ ਸੰਬੋਧਨ ਕਰਦਿਆਂ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਦੋਵਾਂ ਨੇ ਲਿਖਿਆ, “ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਇਕੱਠੇ ਬਿਤਾਉਣ ਤੋਂ ਬਾਅਦ, ਅਸੀਂ ਆਪਸੀ ਸਮਝ ਅਤੇ ਸਨਮਾਨ ਨਾਲ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਭਾਵੇਂ ਸਾਡਾ ਵਿਆਹ ਖ਼ਤਮ ਹੋ ਗਿਆ ਹੈ, ਪਰ ਅਸੀਂ ਚੰਗੇ ਦੋਸਤ ਅਤੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਮਰਪਿਤ ਮਾਪੇ ਬਣੇ ਰਹਾਂਗੇ। ਉਨ੍ਹਾਂ ਦੀ ਖੁਸ਼ੀ ਅਤੇ ਭਲਾਈ ਹਮੇਸ਼ਾ ਸਾਡੀ ਸਾਂਝੀ ਪਹਿਲ ਰਹੇਗੀ।”
ਨਿੱਜਤਾ ਬਣਾਈ ਰੱਖਣ ਦੀ ਕੀਤੀ ਅਪੀਲ
ਉਨ੍ਹਾਂ ਅੱਗੇ ਕਿਹਾ, “ਸਾਡੀ ਜ਼ਿੰਦਗੀ ਵਿੱਚ ਆਏ ਇਸ ਨਿੱਜੀ ਬਦਲਾਅ ਦੌਰਾਨ ਅਸੀਂ ਸਾਰਿਆਂ ਤੋਂ ਸਮਝਦਾਰੀ, ਸੰਵੇਦਨਸ਼ੀਲਤਾ ਅਤੇ ਸਾਡੀ ਨਿੱਜਤਾ ਦਾ ਸਨਮਾਨ ਕਰਨ ਦੀ ਉਮੀਦ ਕਰਦੇ ਹਾਂ। ਇਸ ਪੂਰੇ ਸਫ਼ਰ ਵਿੱਚ ਸਾਡਾ ਸਾਥ ਦੇਣ ਅਤੇ ਸਮਰਥਨ ਕਰਨ ਵਾਲੇ ਹਰ ਵਿਅਕਤੀ ਦੇ ਅਸੀਂ ਦਿਲੋਂ ਧੰਨਵਾਦੀ ਹਾਂ।”
ਪ੍ਰਸ਼ੰਸਕਾਂ ਲਈ ਵੱਡਾ ਝਟਕਾ
ਸਾਂਝਾ ਬਿਆਨ ਜਾਰੀ ਕਰਨ ਤੋਂ ਬਾਅਦ ਅੰਨਾ ਕੋਨੀਡੇਲਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਹ ਖ਼ਬਰ ਅਦਾਕਾਰ ਦੇ ਪ੍ਰਸ਼ੰਸਕਾਂ ਅਤੇ ਫ਼ਿਲਮ ਇੰਡਸਟਰੀ ਵਿੱਚ ਉਨ੍ਹਾਂ ਦੇ ਸ਼ੁਭਚਿੰਤਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ, ਕਿਉਂਕਿ ਇਸ ਜੋੜੇ ਨੂੰ ਇੱਕ-ਦੂਜੇ ਦੇ ਕਾਫ਼ੀ ਕਰੀਬ ਮੰਨਿਆ ਜਾਂਦਾ ਸੀ।
ਪਵਨ ਕਲਿਆਣ ਦੀ ਤੀਜੀ ਪਤਨੀ ਰਹੀ ਹੈ ਅੰਨਾ
ਦੱਸ ਦੇਈਏ ਕਿ ਅੰਨਾ ਲੇਜ਼ਨੇਵਾ (ਅੰਨਾ ਕੋਨੀਡੇਲਾ) ਪਵਨ ਕਲਿਆਣ ਦੀ ਤੀਜੀ ਪਤਨੀ ਰਹੀ ਹੈ। ਸਾਲ 1997 ਵਿੱਚ ਅਦਾਕਾਰ ਨੇ ਨੰਦਿਨੀ ਨਾਲ ਆਪਣਾ ਪਹਿਲਾ ਵਿਆਹ ਕੀਤਾ ਸੀ ਅਤੇ ਸਾਲ 2008 ਵਿੱਚ ਦੋਵਾਂ ਦੇ ਰਸਤੇ ਵੱਖ ਹੋ ਗਏ ਸਨ। ਇਸ ਤੋਂ ਬਾਅਦ ਅਦਾਕਾਰ ਨੇ ਅਦਾਕਾਰਾ ਰੇਣੂ ਦੇਸਾਈ ਨਾਲ ਸਾਲ 2009 ਵਿੱਚ ਵਿਆਹ ਕੀਤਾ ਸੀ ਅਤੇ 2012 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਪੁੱਤਰ (ਅਕੀਰਾ ਨੰਦਨ) ਅਤੇ ਇੱਕ ਧੀ (ਆਧਿਆ)।
2013 ਵਿੱਚ ਕੀਤਾ ਸੀ ਵਿਆਹ
ਸਾਲ 2013 ਵਿੱਚ ਅਦਾਕਾਰ ਪਵਨ ਕਲਿਆਣ ਨੇ ਰੂਸੀ ਮੂਲ ਦੀ ਮਾਡਲ ਅਤੇ ਅਦਾਕਾਰਾ ਅੰਨਾ ਲੇਜ਼ਨੇਵਾ (ਅੰਨਾ ਕੋਨੀਡੇਲਾ) ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 2011 ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ 30 ਸਤੰਬਰ 2013 ਨੂੰ ਵਿਆਹ ਕਰਵਾ ਲਿਆ ਸੀ। ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੈ, ਜਿਸ ਦਾ ਨਾਮ ਮਾਰਕ ਸ਼ੰਕਰ ਪਵਨੋਵਿਚ ਹੈ।
