Home ਪੰਜਾਬ ਪਟਵਾਰੀ ਤੇ ਉਸਦਾ ਏਜੰਟ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਪਟਵਾਰੀ ਤੇ ਉਸਦਾ ਏਜੰਟ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

0

ਲੁਧਿਆਣਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਲੁਧਿਆਣਾ ਜ਼ਿਲ੍ਹੇ ਦੇ ਲੋਹਾਰ ਪਟਵਾਰਖਾਨੇ ਵਿੱਚ ਤਾਇਨਾਤ ਪਟਵਾਰੀ ਅੰਕੁਰ ਕਟਾਰੀਆ ਅਤੇ ਉਸਦੇ ਏਜੰਟ ਰਾਜਾ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸਟੇਟ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ ਲੋਹਾਰ ਖੇਤਰ ਦੇ ਨਿਊ ਰਾਮ ਨਗਰ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਬੈਂਕ ਕਰਜ਼ਾ ਲੈਣ ਦੇ ਲਈ ਆਪਣੇ ਘਰ ਦੇ 30 ਸਾਲ ਪੁਰਾਣੇ ਮਾਲਕੀ ਰਿਕਾਰਡ ਹਾਸਲ ਕਰਨ ਲਈ ਪਟਵਾਰੀ ਅੰਕੁਰ ਕਟਾਰੀਆ ਨਾਲ ਸੰਪਰਕ ਕੀਤਾ ਸੀ। ਦੋਸ਼ ਹੈ ਕਿ ਪਟਵਾਰੀ ਨੇ ਉਸਨੂੰ ਰਾਜਾ ਨਾਮਕ ਵਿਚੋਲੇ ਨਾਲ ਸੰਪਰਕ ਕਰਨ ਲਈ ਕਿਹਾ। ਏਜੰਟ ਰਾਜਾ ਨੇ ਘਰ ਦੀ ਮਾਲਕੀ ਦੇ ਰਿਕਾਰਡ ਮੁਹੱਈਆ ਕਰਵਾਉਣ ਬਦਲੇ 5,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਏਜੰਟ ਨੇ ਮੌਕੇ ‘ਤੇ ਹੀ ਪਹਿਲੀ ਕਿਸ਼ਤ ਵਜੋਂ 1,000 ਰੁਪਏ ਲੈ ਲਏ ਅਤੇ ਬਾਕੀ ਦੇ 4,000 ਰੁਪਏ ਰਿਕਾਰਡ ਸੌਂਪਣ ਸਮੇਂ ਲੈਣ ‘ਤੇ ਸਹਿਮਤੀ ਪ੍ਰਗਟਾਈ।

ਰਿਸ਼ਵਤ ਨਾ ਦੇਣ ਦੀ ਇੱਛਾ ਰੱਖਦਿਆਂ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (ਲੁਧਿਆਣਾ ਰੇਂਜ) ਨਾਲ ਸੰਪਰਕ ਕੀਤਾ। ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ, ਪਟਵਾਰੀ ਅਤੇ ਉਸਦੇ ਏਜੰਟ ਨੂੰ ਸ਼ਿਕਾਇਤਕਰਤਾ ਤੋਂ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿਖੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version