Home ਪੰਜਾਬ ਪਟਿਆਲਾ ਦੇ ਅਧਿਆਪਕ ਦਿਨੇਸ਼ ਕੁਮਾਰ ਨੇ ਕੌਮੀ ਅਧਿਆਪਕ ਪੁਰਸਕਾਰ ਜਿੱਤ ਕੇ ਪੰਜਾਬ...

ਪਟਿਆਲਾ ਦੇ ਅਧਿਆਪਕ ਦਿਨੇਸ਼ ਕੁਮਾਰ ਨੇ ਕੌਮੀ ਅਧਿਆਪਕ ਪੁਰਸਕਾਰ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ

0

ਪਟਿਆਲਾ: ਪੰਜਾਬ ਦੇ ਸਿੱਖਿਆ ਖੇਤਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਅਧਿਆਪਕ ਸ੍ਰੀ ਦਿਨੇਸ਼ ਕੁਮਾਰ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਮਿਸਾਲੀ ਯੋਗਦਾਨ ਲਈ ਵੱਕਾਰੀ ਕੌਮੀ ਅਧਿਆਪਕ ਪੁਰਸਕਾਰ 2026 ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਸਕੂਲ, ਪਟਿਆਲਾ ਅਤੇ ਪੰਜਾਬ ਦੇ ਅਧਿਆਪਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

ਕੌਮੀ ਅਧਿਆਪਕ ਪੁਰਸਕਾਰ ਦੇਸ਼ ਵਿੱਚ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਪ੍ਰਮੁੱਖ ਸਨਮਾਨਾਂ ਵਿੱਚੋਂ ਇੱਕ ਹੈ। ਇਹ ਪੁਰਸਕਾਰ ਸਿੱਖਿਆ ਦੇ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ, ਨਵੀਨਤਮ ਵਿਚਾਰਾਂ, ਵਿਦਿਆਰਥੀਆਂ ਪ੍ਰਤੀ ਸਮਰਪਣ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ। ਹਰ ਸਾਲ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਇਹ ਸਨਮਾਨ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ।

ਦਿਨੇਸ਼ ਕੁਮਾਰ ਦੀ ਇਸ ਉਪਲਬਧੀ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਉਨ੍ਹਾਂ ਨੇ ਦਿਨੇਸ਼ ਕੁਮਾਰ ਨੂੰ ਪੰਜਾਬ ਦੇ ਸਮੁੱਚੇ ਅਧਿਆਪਕ ਭਾਈਚਾਰੇ ਲਈ ਪ੍ਰੇਰਨਾ ਸਰੋਤ ਕਰਾਰ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਕੌਮੀ ਪੱਧਰ ’ਤੇ ਮਿਲਿਆ ਇਹ ਸਨਮਾਨ ਨਾ ਸਿਰਫ਼ ਦਿਨੇਸ਼ ਕੁਮਾਰ ਦੀ ਨਿੱਜੀ ਪ੍ਰਾਪਤੀ ਹੈ, ਸਗੋਂ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਮਿਹਨਤੀ ਅਤੇ ਸਮਰਪਿਤ ਯਤਨਾਂ ਦੀ ਵੀ ਪਛਾਣ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਅਨੁਸਾਰ ਅਧਿਆਪਕਾਂ ਨੂੰ ਸਮਰੱਥ ਬਣਾਉਣਾ, ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਯਕੀਨੀ ਬਣਾਉਣਾ ਅਤੇ ਵਿਦਿਆਰਥੀਆਂ ਲਈ ਬਿਹਤਰ ਸਿੱਖਿਆਤਮਕ ਮਾਹੌਲ ਤਿਆਰ ਕਰਨਾ ਸਰਕਾਰ ਦੀਆਂ ਮਹੱਤਵਪੂਰਨ ਤਰਜੀਹਾਂ ਵਿੱਚ ਸ਼ਾਮਲ ਹੈ।

NO COMMENTS

LEAVE A REPLY

Please enter your comment!
Please enter your name here

Exit mobile version