ਕਿਨਸ਼ਾਸਾ: ਅਫਰੀਕਾ ਦੀ ਤਾਂਗਾਨੀਕਾ ਝੀਲ ਵਿੱਚ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ। ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਯਾਤਰੀਆਂ ਨਾਲ ਭਰੀ ਕਿਸ਼ਤੀ ਝੀਲ ਵਿੱਚ ਪਲਟ ਜਾਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਕਾਰਜ ਜਾਰੀ ਹਨ।
ਤਾਂਗਾਨੀਕਾ ਸੂਬੇ ਦੇ ਟਰਾਂਸਪੋਰਟ ਮੰਤਰੀ ਨੌਰਿਸ ਮੁਲੋਂਗੋਈ ਮੁਤਾਬਕ ਕਿਸ਼ਤੀ ਵਿੱਚ ਲਗਭਗ 100 ਯਾਤਰੀ ਸਵਾਰ ਸਨ ਅਤੇ ਇਸ ’ਤੇ ਸਾਮਾਨ ਵੀ ਲੱਦਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 49 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਅਧਿਕਾਰੀ ਨੇ ਦੱਸਿਆ ਕਿ ਇਹ ਕਿਸ਼ਤੀ ਤਨਜ਼ਾਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਤਾਂਗਾਨੀਕਾ ਸੂਬੇ ਦੇ ਕਾਲਿਮੀ ਸ਼ਹਿਰ ਵੱਲ ਜਾ ਰਹੀ ਸੀ। ਮੈਪੇਰਾ ਪਿੰਡ ਨੇੜੇ ਪਹੁੰਚਣ ’ਤੇ ਕਿਸ਼ਤੀ ਅਚਾਨਕ ਝੀਲ ਵਿੱਚ ਪਲਟ ਗਈ।
ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸ਼ਤੀ ’ਤੇ ਵੱਡੀ ਗਿਣਤੀ ਵਿੱਚ ਯਾਤਰੀਆਂ ਦੇ ਨਾਲ ਸਾਮਾਨ ਲੱਦੇ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਤਾਂਗਾਨੀਕਾ ਝੀਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਮਿੱਠੇ ਪਾਣੀ ਦੀਆਂ ਝੀਲਾਂ ਵਿੱਚੋਂ ਇੱਕ ਹੈ। ਡੂੰਘਾਈ ਦੇ ਮਾਮਲੇ ਵਿੱਚ ਇਹ ਰੂਸ ਦੀ ਬੈਕਾਲ ਝੀਲ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਮੰਨੀ ਜਾਂਦੀ ਹੈ।
