ਅਮਰੀਕਾ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਬੀਤੇ ਦਿਨ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਹ ਸ਼ਹਿਬਾਜ਼ ਸ਼ਰੀਫ਼ ਦਾ ਵ੍ਹਾਈਟ ਹਾਊਸ ਦਾ ਇਹ ਪਹਿਲਾ ਦੌਰਾ ਸੀ। ਸ਼ਰੀਫ਼ ਇਸ ਵਕਤ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਯਾਨੀ ਕਿ UNGA ਦੇ 80ਵੇਂ ਸੈਸ਼ਨ ਵਿੱਚ ਹਿੱਸਾ ਲੈਣ ਆਏ ਹਨ ਅਤੇ ਸ਼ੁੱਕਰਵਾਰ ਨੂੰ ਦੁਨੀਆ ਨੂੰ ਸੰਬੋਧਨ ਕਰਨਗੇ। ਇਸ ਮੁਲਾਕਾਤ ਵਿੱਚ ਫੀਲਡ ਮਾਰਸ਼ਲ ਆਸਿਮ ਮੁਨੀਰ ਵੀ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਲੰਚ ਲਈ ਸੱਦਾ ਦਿੱਤਾ ਸੀ। ਇਸ ਮੁਲਾਕਾਤ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਮੌਜੂਦ ਸਨ। 2019 ਵਿੱਚ ਇਮਰਾਨ ਖਾਨ ਦੇ ਦੌਰੇ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵ੍ਹਾਈਟ ਹਾਊਸ ਦਾ ਦੌਰਾ ਕੀਤਾ ਹੋਵੇ।
ਟਰੰਪ ਨੇ ਸ਼ਰੀਫ ਅਤੇ ਮੁਨੀਰ ਨੂੰ ਕਰਵਾਇਆ ਲੰਮਾ ਇੰਤਜ਼ਾਰ
ਸ਼ਾਹਬਾਜ਼ ਸ਼ਰੀਫ ਨਿਊਯਾਰਕ ਤੋਂ ਇੱਕ ਸੰਖੇਪ ਦੌਰੇ ‘ਤੇ ਵਾਸ਼ਿੰਗਟਨ ਪਹੁੰਚੇ। ਉਹ ਸ਼ਾਮ 4:52 ਵਜੇ ਵ੍ਹਾਈਟ ਹਾਊਸ ਵਿੱਚ ਦਾਖਲ ਹੋਏ, ਜਿੱਥੇ ਉਨ੍ਹਾਂ ਦਾ ਸੀਨੀਅਰ ਅਮਰੀਕੀ ਅਧਿਕਾਰੀਆਂ ਨੇ ਸਵਾਗਤ ਕੀਤਾ। ਇਸ ਦੌਰਾਨ ਟਰੰਪ ਨੇ ਕਈ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸ਼ਹਿਬਾਜ਼ ਅਤੇ ਮੁਨੀਰ ਦੇ ਵ੍ਹਾਈਟ ਹਾਊਸ ਪਹੁੰਚਣ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਡੇ ਕੋਲ ਸ਼ਾਨਦਾਰ ਲੀਡਰ ਆ ਰਹੇ ਹਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੀਲਡ ਮਾਰਸ਼ਲ। ਫੀਲਡ ਮਾਰਸ਼ਲ ਬਹੁਤ ਹੀ ਸ਼ਾਨਦਾਰ ਸ਼ਖਸ ਹਨ ਅਤੇ ਪ੍ਰਧਾਨ ਮੰਤਰੀ ਵੀ। ਉਹ ਦੋਵੇਂ ਆ ਰਹੇ ਹਨ ਅਤੇ ਸ਼ਾਇਦ ਹੁਣ ਇੱਥੇ ਪਹੁੰਚ ਵੀ ਚੁੱਕੇ ਹੋਣ। ਮੈਨੂੰ ਨਹੀਂ ਪਤਾ ਕਿਉਂਕਿ ਸਾਨੂੰ ਥੋੜ੍ਹੀ ਦੇਰ ਹੋ ਗਈ ਹੈ। ਹੋ ਸਕਦਾ ਹੈ ਉਹ ਓਵਲ ਆਫਿਸ ਵਿੱਚ ਹੀ ਹੋਣ।’ ਰਿਪੋਰਟਾਂ ਮੁਤਾਬਕ, ਵਾਕਈ ਵਿੱਚ ਉਸ ਸਮੇਂ ਸ਼ਰੀਫ ਅਤੇ ਮੁਨੀਰ ਨਾਲ ਦੇ ਕਮਰੇ ਵਿੱਚ ਮੌਜੂਦ ਸਨ ਪਰ ਫਿਰ ਵੀ ਟਰੰਪ ਨੇ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਵਾਇਆ।
ਮੰਗਲਵਾਰ ਨੂੰ ਵੀ ਹੋਈ ਸੀ ਟਰੰਪ ਅਤੇ ਸ਼ਰੀਫ
ਸ਼ਹਿਬਾਜ਼ ਸ਼ਰੀਫ ਦਾ ਮੋਟਰ ਕਾਫਲਾ ਸ਼ਾਮ 6:18 ਵਜੇ ਵ੍ਹਾਈਟ ਹਾਊਸ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਸ਼ਰੀਫ ਨਿਊਯਾਰਕ ਵਿੱਚ ਯੂ.ਐਨ.ਜੀ.ਏ. ਸੈਸ਼ਨ ਦੇ ਮੌਕੇ ‘ਤੇ ਟਰੰਪ ਨੂੰ ਮਿਲੇ, ਜਦੋਂ ਟਰੰਪ ਨੇ ਅਰਬ ਦੇਸ਼ਾਂ ਅਤੇ ਮਿਸਰ, ਇੰਡੋਨੇਸ਼ੀਆ, ਕਤਰ, ਸਾਊਦੀ ਅਰਬ ਅਤੇ ਤੁਰਕੀ ਸਮੇਤ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਬਹੁਪੱਖੀ ਮੀਟਿੰਗ ਕੀਤੀ। ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ਨੂੰ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਯੂ.ਐਨ.ਜੀ.ਏ. ਵਿੱਚ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਇਸ ਦਾਅਵੇ ਨੂੰ ਦੁਹਰਾਇਆ। ਪਾਕਿਸਤਾਨ ਨੇ ਟਰੰਪ ਨੂੰ 2026 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ ਤਾਂ ਜੋ “ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਸੰਕਟ ਦੌਰਾਨ ਫੈਸਲਾਕੁੰਨ ਕੂਟਨੀਤਕ ਦਖਲਅੰਦਾਜ਼ੀ ਅਤੇ ਮਹੱਤਵਪੂਰਨ ਅਗਵਾਈ” ਨੂੰ ਮਾਨਤਾ ਦਿੱਤੀ ਜਾ ਸਕੇ।
