ਪਾਕਿਸਤਾਨ: ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਵਿੱਚ ਭਾਰਤੀ ਜਹਾਜ਼ਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਅੱਜ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ। ਪਾਕਿਸਤਾਨ ਨੇ 24 ਅਪ੍ਰੈਲ, 2025 ਤੋਂ ਭਾਰਤੀ ਉਡਾਣਾਂ ਦੇ ਲਈ ਆਪਣਾ ਹਵਾਈ ਖੇਤਰ ਬੰਦ ਰੱਖਿਆ ਹੈ, ਜਿਸ ਕਾਰਨ ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ‘ਨੋਟਿਸ ਟੂ ਏਅਰਮੈਨ’ ਵਿੱਚ ਕਿਹਾ ਕਿ “ਸਾਰੇ ਭਾਰਤੀ-ਰਜਿਸਟਰਡ, ਲੀਜ਼ ‘ਤੇ ਲਏ ਗਏ, ਵਪਾਰਕ ਅਤੇ ਫੌਜੀ ਜਹਾਜ਼ਾਂ ਨੂੰ 24 ਮਈ, 2026 ਨੂੰ ਸਵੇਰੇ 5:00 ਵਜੇ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।”
ਇਹ ਨੋਟਿਸ 24 ਅਪ੍ਰੈਲ ਨੂੰ ਪਿਛਲੇ ਨੋਟਿਸ ਦੀ ਆਖਰੀ ਮਿਤੀ ਦੀ ਮਿਆਦ ਪੁੱਗਣ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ । ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਪਾਕਿਸਤਾਨ ਨੇ ਭਾਰਤੀ ਹਵਾਬਾਜ਼ੀ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਭਾਰਤ ਨੇ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ, ਪਾਕਿਸਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ। ਜਵਾਬ ਵਿੱਚ, ਭਾਰਤ ਨੇ ਵੀ ਪਾਕਿਸਤਾਨੀ ਹਵਾਬਾਜ਼ੀ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ।
ਪਾਕਿਸਤਾਨ ਨੇ ਭਾਰਤ ‘ਤੇ ਪਹਿਲੀ ਵਾਰ ਅਜਿਹੀਆਂ ਪਾਬੰਦੀਆਂ ਲਗਾਈਆਂ । ਇਨ੍ਹਾਂ ਪਾਬੰਦੀਆਂ ਕਾਰਨ ਭਾਰਤੀ ਵਪਾਰਕ ਹਵਾਬਾਜ਼ੀ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਇਆ, ਕਿਉਂਕਿ ਉਹ ਪਹਿਲਾਂ ਆਪਣੀਆਂ ਜ਼ਿਆਦਾਤਰ ਉਡਾਣਾਂ ਚਲਾਉਣ ਲਈ ਪਾਕਿਸਤਾਨੀ ਹਵਾਈ ਖੇਤਰ ਦੀ ਖਾਸ ਕਰਕੇ ਵੱਖ-ਵੱਖ ਭਾਰਤੀ ਸ਼ਹਿਰਾਂ ਅਤੇ ਖਾੜੀ ਦੇਸ਼ਾਂ ਤੋਂ ਜਾਣ ਵਾਲੀਆਂ ਉਡਾਣਾਂ ਵਰਤੋਂ ਕਰਦੀਆਂ ਸਨ । ਹਵਾਈ ਖੇਤਰ 1999 ਦੇ ਕਾਰਗਿਲ ਸੰਘਰਸ਼ ਅਤੇ 2019 ਦੇ ਪੁਲਵਾਮਾ ਸੰਕਟ ਦੌਰਾਨ ਵੀ ਬੰਦ ਕਰ ਦਿੱਤਾ ਗਿਆ ਸੀ।
