ਕਿਸ਼ਤਵਾੜ: ਪਵਿੱਤਰ ਮਾਂ ਮਛੈਲ ਚੰਡੀ ਯਾਤਰਾ ‘ਚ ਇਸ ਸਾਲ ਸ਼ਰਧਾਲੂਆਂ ਦੀ ਆਸਥਾ ਦਾ ਅਦਭੁਤ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਵਿਸਾਖੀ ਤੋਂ ਲੈ ਕੇ ਹੁਣ ਤੱਕ 1 ਲੱਖ 11 ਹਜ਼ਾਰ 500 ਸ਼ਰਧਾਲੂ ਮਾਂ ਮਛੈਲ ਚੰਡੀ ਦੇ ਪਵਿੱਤਰ ਦਰਬਾਰ ‘ਚ ਮੱਥਾ ਟੇਕ ਚੁੱਕੇ ਹਨ। ਯਾਤਰਾ ਵਿੱਚ ਜੰਮੂ-ਕਸ਼ਮੀਰ ਤੋਂ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰ ਰਹੇ ਹਨ।
ਪ੍ਰਸ਼ਾਸਨ ਵੱਲੋਂ ਯਾਤਰਾ ਮਾਰਗ ‘ਤੇ ਸੁਰੱਖਿਆ, ਸਿਹਤ, ਪੀਣ ਵਾਲੇ ਪਾਣੀ, ਲੰਗਰ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਸੇਵਾ ਲਈ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਥਾਂ-ਥਾਂ ‘ਤੇ ਲੰਗਰ ਲਗਾਏ ਗਏ ਹਨ, ਜਿੱਥੇ ਹਜ਼ਾਰਾਂ ਸ਼ਰਧਾਲੂਆਂ ਨੂੰ ਮੁਫ਼ਤ ਭੋਜਨ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਦੇਵੀ ਮਾਤਾ ਦੇ ਜੈਕਾਰਿਆਂ ਨਾਲ ਯਾਤਰਾ ਦਾ ਸਾਰਾ ਰਸਤਾ ਸ਼ਰਧਾਮਈ ਮਾਹੌਲ ਵਿੱਚ ਲੀਨ ਹੋ ਗਿਆ ਹੈ। ਪੈਦਲ ਕਠਿਨ ਯਾਤਰਾ ਦੇ ਬਾਵਜੂਦ ਸ਼ਰਧਾਲੂ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਾਤਾ ਦੇ ਦਰਬਾਰ ‘ਚ ਪਹੁੰਚ ਰਹੇ ਹਨ। ਪ੍ਰਸ਼ਾਸਨ ਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਰਧਾਲੂਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ ਅਤੇ ਯਾਤਰਾ ਸ਼ਾਂਤੀਪੂਰਵਕ ਅਤੇ ਸਫ਼ਲਤਾਪੂਰਵਕ ਜਾਰੀ ਰਹੇਗੀ।
