ਜਲੰਧਰ : ਜਲੰਧਰ ਦੇ ਡਾ. ਬੀਆਰ ਅੰਬੇਡਕਰ ਚੌਕ ਵਿੱਚ ਅੱਜ ਸਵੇਰੇ ਤੜਕਸਾਰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਚੌਕ ਵਿੱਚ ਜਾ ਵੜਿਆ। ਟਰੱਕ ਨੇ ਚੌਕ ਦੇ ਡਿਵਾਈਡਰ ਨੂੰ ਤੋੜ ਦਿੱਤਾ ਅਤੇ ਅੰਦਰ ਤੱਕ ਪਹੁੰਚ ਗਿਆ।
ਹਾਦਸੇ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਟਰੱਕ ਅਤੇ ਚੌਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਸਬੰਧਤ ਥਾਣੇ ਦੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪਹੁੰਚੀ ਥਾਣਾ ਨੰਬਰ 4 ਦੀ ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਪਹੁੰਚਾਇਆ।
ਉੱਥੇ ਹੀ, ਘਟਨਾ ਸਥਾਨ ਤੋਂ ਲੰਘ ਰਹੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਉਹ ਉੱਥੋਂ ਲੰਘ ਰਿਹਾ ਸੀ, ਇਸੇ ਦੌਰਾਨ ਤੇਜ਼ ਰਫ਼ਤਾਰ ਟਰੱਕ ਸਿੱਧਾ ਚੌਕ ਵਿੱਚ ਜਾ ਵੜਿਆ ਅਤੇ ਡਿਵਾਈਡਰ ਨੂੰ ਤੋੜਦਾ ਹੋਇਆ ਅੰਦਰ ਪਹੁੰਚ ਗਿਆ। ਚਸ਼ਮਦੀਦ ਨੇ ਖ਼ਦਸ਼ਾ ਜਤਾਇਆ ਕਿ ਟਰੱਕ ਚਾਲਕ ਸ਼ਾਇਦ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਾਰਨ ਉਹ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ। ਹਾਲਾਂਕਿ, ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
ਰਾਹਤ ਦੀ ਗੱਲ ਇਹ ਰਹੀ ਕਿ ਟਰੱਕ ਡਾ. ਬੀਆਰ ਅੰਬੇਡਕਰ ਸਾਹਿਬ ਦੀ ਮੂਰਤੀ ਨਾਲ ਨਹੀਂ ਟਕਰਾਇਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਉੱਥੋਂ ਲੰਘਣ ਵਾਲੇ ਰਾਹਗੀਰ ਰੁਕ ਕੇ ਘਟਨਾ ਦੀਆਂ ਵੀਡੀਓਜ਼ ਬਣਾਉਂਦੇ ਨਜ਼ਰ ਆਏ। ਫਿਲਹਾਲ ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
