ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਫ਼ੈਸਲਾਕੁੰਨ ਕਦਮ ਚੁੱਕਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿੱਚ ਆਈ.ਸੀ.ਯੂ.,ਆਪ੍ਰੇਸ਼ਨ ਥੀਏਟਰ (ਓ.ਟੀ.) ਅਤੇ ਐਮਰਜੈਂਸੀ ਵਾਰਡਾਂ ਸਮੇਤ ਸਾਰੀਆਂ ਮਹੱਤਵਪੂਰਨ ਦੇਖਭਾਲ ਯੂਨਿਟਾਂ ਵਿੱਚ ਨਿਰਵਿਘਨ ਆਕਸੀਜਨ ਸਪਲਾਈ ਅਤੇ ਬਿਜਲੀ ਬੈਕਅੱਪ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਬਲਬੀਰ ਸਿੰਘ ਨੇ ਜੀਵਨ ਰੱਖਿਅਕ ਡਾਕਟਰੀ ਸੇਵਾਵਾਂ ਵਿੱਚ ਕਿਸੇ ਵੀ ਰੁਕਾਵਟ ਨੂੰ ਰੋਕਣ ਲਈ ਦਿਨ-ਰਾਤ ਆਕਸੀਜਨ ਦੀ ਉਪਲਬਧਤਾ, ਕਾਰਜਸ਼ੀਲ ਯੂ.ਪੀ.ਐੱਸ. ਪ੍ਰਣਾਲੀਆਂ ਅਤੇ ਮੁਕੰਮਲ ਤੌਰ ‘ਤੇ ਕਾਰਜਸ਼ੀਲ ਜਨਰੇਟਰ ਸੈੱਟਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸਿਹਤ ਮੰਤਰੀ ਨੇ ਦਵਾਈਆਂ ਦੀ ਸਪਲਾਈ ਸਬੰਧੀ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਸਿਵਲ ਸਰਜਨਾਂ ਨੂੰ ਸਾਰੀਆਂ 368 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਦਾ ਘੱਟੋ-ਘੱਟ ਇੱਕ ਮਹੀਨੇ ਦਾ ਬਫਰ ਸਟਾਕ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਜ਼ਰੂਰੀ ਦਵਾਈਆਂ ਦੀ ਕਿਸੇ ਵੀ ਕਮੀ ਦੇ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਨੇ ਐਲਾਨ ਕੀਤਾ, ‘‘ਕਿਸੇ ਵੀ ਮਰੀਜ਼ ਲਈ ਹਸਪਤਾਲ ਤੋਂ ਬਾਹਰੋਂ ਕੋਈ ਦਵਾਈ ਨਹੀਂ ਲਿਖੀ ਜਾਣੀ ਚਾਹੀਦੀ।’’ ਉਨ੍ਹਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੁਫ਼ਤ ਅਤੇ ਪਹੁੰਚਯੋਗ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਮੈਡੀਕਲ ਅਫ਼ਸਰਾਂ (ਐਸ.ਐਮ.ਓਜ਼) ਨੂੰ ਆਪਣੀ ਲੋੜ ਅਨੁਸਾਰ ਕੋਈ ਵੀ ਗ਼ੈਰ-ਜ਼ਰੂਰੀ ਦਵਾਈ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਲਣਾ ਨਾ ਕਰਨ ਵਾਲੇ ਮੈਡੀਕਲ ਅਫ਼ਸਰ ਦੇ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਵਾਈ ਵੰਡ ਪ੍ਰਣਾਲੀ ਅਤੇ ਸਮੁੱਚੇ ਮਰੀਜ਼ਾਂ ਦੇ ਤਜਰਬੇ ਵਿੱਚ ਵਿਸਤਾਰ ਕਰਨ ਲਈ, ਸਿਵਲ ਸਰਜਨਾਂ ਅਤੇ ਐਸ.ਐਮ.ਓਜ਼ ਨੂੰ ਰੋਜ਼ਾਨਾ ਦੀ ਓ.ਪੀ.ਡੀ ਦਾ ਦੌਰਾ ਕਰਨ ਅਤੇ ਮਰੀਜ਼ਾਂ ਦੀ ਫੀਡਬੈਕ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ।
ਮਰੀਜ਼ਾਂ ਦੀ ਸੰਤੁਸ਼ਟੀ ਨੂੰ ਹੋਰ ਵਧਾਉਣ ਲਈ, ਡਾ. ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਕਿ ਰਜਿਸਟ੍ਰੇਸ਼ਨ ਦੇ ਇੱਕ ਘੰਟੇ ਦੇ ਅੰਦਰ ਆਊਟ ਪੇਸ਼ੈਂਟ ਡਿਪਾਰਟਮੈਂਟ (ਓ.ਪੀ.ਡੀ) ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਕ੍ਰਿਟੀਕਲ ਕੇਅਰ ਸਮਰੱਥਾ ਨੂੰ ਵਧਾਉਣ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ, ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਸਟਾਫ ਨਰਸਾਂ ਸਮੇਤ ਹਰੇਕ ਡਾਕਟਰ ਅਤੇ ਪੈਰਾਮੈਡਿਕ ਨੂੰ ਕ੍ਰਿਟੀਕਲ ਕੇਅਰ ਅਤੇ ਐਡਵਾਂਸਡ ਲਾਈਫ ਸਪੋਰਟ ਵਿੱਚ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਹਰੇਕ ਸਿਵਲ ਸਰਜਨ ਨੂੰ ਮਿਲੇਨੀਅਮ ਡਿਵੈਲਪਮੈਂਟ ਟੀਚਿਆਂ ਦੇ ਮੁਕਾਬਲੇ ਆਪਣੇ ਜ਼ਿਲ੍ਹੇ ਦੀ ਸਿਹਤ ਸਥਿਤੀ ਪੇਸ਼ ਕਰਨ ਲਈ ਵੀ ਕਿਹਾ, ਤਾਂ ਜੋ ਵਿਭਾਗ ਬਿਹਤਰ ਤਰੱਕੀ ਲਈ ਟੀਚੇ ਨਿਰਧਾਰਤ ਕਰ ਸਕੇ।
ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਵਿਭਾਗ ਦੇ ਮਾਸ ਐਜੂਕੇਸ਼ਨ ਅਤੇ ਮੀਡੀਆ ਵਿੰਗ ਦਾ ਲਾਭ ਉਠਾਉਣ ਲਈ ਕਿਹਾ ਤਾਂ ਜੋ ਸੂਬੇ ਭਰ ਦੇ ਆਮ ਆਦਮੀ ਕਲੀਨਿਕਾਂ ਵਿੱਚ ‘ਫਰਿਸ਼ਤੇ’ ਸਕੀਮ ਅਤੇ ਐਂਟੀ-ਰੈਟਰੋਵਾਇਰਲ (ਏਆਰਵੀ) ਦਵਾਈਆਂ ਦੀ ਉਪਲਬਧਤਾ ਬਾਰੇ ਜਨ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਸਿਹਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਵਿਭਾਗ ਵਿੱਚ ਲਗਭਗ ਇੱਕ ਹਜ਼ਾਰ ਨਵੇਂ ਡਾਕਟਰ ਸ਼ਾਮਲ ਹੋਣਗੇ ਕਿਉਂਕਿ ਇਨ੍ਹਾਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਹੋਣ ਵਾਲੀ ਹੈ, ਜਿਸ ਨਾਲ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਵੇਗਾ। ਇਸ ਮੌਕੇ ਮੌਜੂਦ ਪ੍ਰਧਾਨਾਂ ਵਿੱਚ ਚੇਅਰਮੈਨ ਪੀ.ਐਚ.ਐਸ.ਸੀ ਰਮਨ ਬਹਿਲ, ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮ.ਡੀ ਐਨ.ਐਚ.ਐਮ ਘਣਸ਼ਿਆਮ ਥੋਰੀ, ਐਮ.ਡੀ ਪੀ.ਐਚ.ਐਸ.ਸੀ ਅਮਿਤ ਤਲਵਾਰ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਈਐਸਆਈ ਡਾ. ਜਸਪ੍ਰੀਤ ਕੌਰ, ਡਾਇਰੈਕਟਰ ਪੀ.ਐਚ.ਐਸ.ਸੀ ਡਾ. ਅਨਿਲ ਗੋਇਲ, ਡਾਇਰੈਕਟਰ (ਖਰੀਦ) ਪੀ.ਐਚ.ਐਸ.ਸੀ ਡਾ. ਪਵਨਪ੍ਰੀਤ ਕੌਰ, ਡਿਪਟੀ ਡਾਇਰੈਕਟਰ ਵੀ ਮੌਜੂਦ ਸਨ।
