Home ਪੰਜਾਬ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨਿਹੰਗ ਸਿੰਘਾ ਨੇ...

ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨਿਹੰਗ ਸਿੰਘਾ ਨੇ ਧਰਨਾ ਦੇ ਕੇ ਸੜਕ ਨੂੰ ਮੁਕੰਮਲ ਤੌਰ ’ਤੇ ਕੀਤਾ ਜਾਮ

0

ਲੁਧਿਆਣਾ: ਮਹਾਨਗਰ ਵਿਚ ਸੋਸ਼ਲ ਮੀਡੀਆ ‘ਤੇ ਸਿੱਖ ਗੁਰੂ ਸਾਹਿਬਾਨ ਅਤੇ ਧਰਮ ਖ਼ਿਲਾਫ਼ ਕਥਿਤ ਤੌਰ ‘ਤੇ ਬੇਹੱਦ ਇਤਰਾਜ਼ਯੋਗ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਦੋਸ਼ੀ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਮਾਹੌਲ ਗਰਮ ਹੋ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਰੋਸ ਵਿੱਚ ਆਏ ਨਿਹੰਗ ਸਿੰਘਾਂ ਨੇ ਸਮਰਾਲਾ ਚੌਕ ਤੋਂ ਬਸਤੀ ਜੋਧੇਵਾਲ ਤੱਕ ਮੁੱਖ ਮਾਰਗ ’ਤੇ ਧਰਨਾ ਦੇ ਕੇ ਸੜਕ ਨੂੰ ਮੁਕੰਮਲ ਤੌਰ ’ਤੇ ਜਾਮ ਕਰ ਦਿੱਤਾ। ਇਸ ਟਰੈਫਿਕ ਜਾਮ ਕਾਰਨ ਹਾਈਵੇਅ ਅਤੇ ਨੇੜਲੇ ਲੰਿਕ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਟਰੈਫਿਕ ਵਿਵਸਥਾ ਪੂਰੀ ਤਰ੍ਹਾਂ ਵਿਘਨ ਪਈ।

ਪ੍ਰਦਰਸ਼ਨ ਕਰ ਰਹੇ ਨਿਹੰਗ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਚੇਤਨ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ। ਭਾਵੇਂ ਪੁਲਿਸ ਨੇ ਤੁਰੰਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਉਸ ਦੀ ਅਧਿਕਾਰਤ ਗ੍ਰਿਫ਼ਤਾਰੀ ਨਹੀਂ ਹੋਈ ਹੈ। ਨਿਹੰਗ ਸਿੰਘਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀਂ ਸੁੱਟਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਨਹੀਂ ਰੁਕੇਗਾ।

ਸੜਕ ਦੇ ਵਿਚਕਾਰ ਲੱਗੇ ਇਸ ਵਿਸ਼ਾਲ ਜਾਮ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਿਹੰਗ ਸਿੰਘਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਉਨ੍ਹਾਂ ਨੂੰ ਲਗਾਤਾਰ ਮਨਾ ਕੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਸੀ ਤਾਂ ਜੋ ਬੰਦ ਪਏ ਰਸਤੇ ਨੂੰ ਖੁੱਲ੍ਹਵਾਇਆ ਜਾ ਸਕੇ। ਉਧਰ, ਖ਼ਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਵਿਚਾਲੇ ਟਕਰਾਅ ਚੱਲ ਰਿਹਾ ਸੀ ਅਤੇ ਨਿਹੰਗ ਸਿੰਘਾਂ ਦਾ ਸੜਕ ’ਤੇ ਧਰਨਾ ਜਾਰੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version