ਵਿਧਾਨ ਸਭਾ ਸਪੀਕਰ ਸ਼੍ਰੀ ਦੇਵਨਾਨੀ ਨੇ ਕਿਹਾ ਕਿ ਅਜਮੇਰ ਨੂੰ ਵਿਕਾਸ ਦੀ ਨਵੀਂ ਪਛਾਣ ਦਿਵਾਉਣ ਲਈ ਸੜਕਾਂ, ਪੀਣ ਵਾਲੇ ਪਾਣੀ, ਸਿਹਤ, ਖੇਡਾਂ ਅਤੇ ਸੈਰ-ਸਪਾਟੇ ਨਾਲ ਜੁੜੇ ਵੱਡੇ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧਾਏ ਜਾ ਰਹੇ ਹਨ। ਸ਼ਹਿਰ ਵਿੱਚ 40 ਤੋਂ ਵੱਧ ਵਿਕਾਸ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਮ ਇਸੇ ਸਾਲ ਪੂਰੇ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਜਮੇਰ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਬਦਲਾਅ ਵਿੱਚ ਸ਼ਹਿਰ ਦੇ ਹਰੇਕ ਨਾਗਰਿਕ ਨੂੰ ਭਾਈਵਾਲ ਬਣਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਜਮੇਰ ਵਿੱਚ ਲਗਭਗ 177 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਵਿਕਾਸ ਕਾਰਜ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 107 ਕਰੋੜ ਰੁਪਏ ਦੇ ਕੰਮ ਪੂਰੇ ਹੋ ਚੁੱਕੇ ਹਨ, ਜਦਕਿ 42 ਕਰੋੜ ਰੁਪਏ ਦੇ ਕੰਮ ਜਾਰੀ ਹਨ। ਬਾਕੀ ਕੰਮ ਵੀ ਜਲਦੀ ਸ਼ੁਰੂ ਕੀਤੇ ਜਾਣਗੇ। ਰਿੰਗ ਰੋਡ ਦੀ ਦਿਸ਼ਾ ਵਿੱਚ 32 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਪ੍ਰਮੁੱਖ ਸੜਕਾਂ ਦਾ ਵਿਕਾਸ ਅਤੇ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਆਵਾਜਾਈ ਪ੍ਰਬੰਧ ਸੁਖਾਲਾ ਹੋਵੇਗਾ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ।
ਸ਼੍ਰੀ ਦੇਵਨਾਨੀ ਨੇ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਲਈ ਅੰਮ੍ਰਿਤ ਯੋਜਨਾ ਤਹਿਤ ਲਗਭਗ 270 ਕਰੋੜ ਰੁਪਏ ਦੀ ਯੋਜਨਾ ਦੇ ਟੈਂਡਰ ਹੋ ਚੁੱਕੇ ਹਨ ਅਤੇ ਕੰਮ ਜਾਰੀ ਹੈ। ਉੱਥੇ ਹੀ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਲਗਭਗ 78 ਕਰੋੜ ਰੁਪਏ ਦੇ ਕੰਮ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 28 ਕਰੋੜ ਰੁਪਏ ਦੇ ਕੰਮ ਪੂਰੇ ਹੋ ਚੁੱਕੇ ਹਨ ਅਤੇ ਬਾਕੀ ਕੰਮ ਜਾਰੀ ਹਨ।
ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਸ਼ਹਿਰ ਵਿੱਚ 240 ਕਰੋੜ ਰੁਪਏ ਦੀ ਲਾਗਤ ਨਾਲ ਸੱਤ ਮੰਜ਼ਿਲਾ ਹਸਪਤਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਟੜਾ ਵਿੱਚ ਲਗਭਗ 30 ਕਰੋੜ ਰੁਪਏ ਦੀ ਲਾਗਤ ਨਾਲ ਸੈਟੇਲਾਈਟ ਹਸਪਤਾਲ ਦਾ ਨਿਰਮਾਣ ਵੀ ਜਲਦੀ ਪੂਰਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਅਜਮੇਰ ਵਿੱਚ ਡਾਕਟਰੀ ਸਹੂਲਤਾਂ ਦਾ ਵਿਸਥਾਰ ਹੋਵੇਗਾ ਅਤੇ ਮਰੀਜ਼ਾਂ ਨੂੰ ਬਿਹਤਰ ਇਲਾਜ ਦੀਆਂ ਸਹੂਲਤਾਂ ਸਥਾਨਕ ਪੱਧਰ ‘ਤੇ ਹੀ ਮਿਲ ਸਕਣਗੀਆਂ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਹਾਥੀਖੇੜਾ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਲੜਕੀਆਂ ਦੇ ਸੈਨਿਕ ਸਕੂਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਅਜਮੇਰ ਵੀ ਦੇਸ਼ ਦੇ ਉਨ੍ਹਾਂ ਚੋਣਵੇਂ ਸ਼ਹਿਰਾਂ ਵਿੱਚ ਸ਼ਾਮਲ ਹੋਵੇਗਾ, ਜਿੱਥੇ ਲੜਕੀਆਂ ਲਈ ਸੈਨਿਕ ਸਕੂਲ ਹੈ। ਇਸ ਸਕੂਲ ਵਿੱਚ ਪਹਿਲੇ ਸਾਲ 200 ਲੜਕੀਆਂ ਨੂੰ ਦਾਖ਼ਲਾ ਮਿਲੇਗਾ। ਸਕੂਲ ਵਿੱਚ ਵਿਦਿਆਰਥਣਾਂ ਨੂੰ ਵਿਸ਼ਵ ਪੱਧਰੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮਾਕੜਵਾਲੀ ਖੇਤਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਪਰਪਜ਼ ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਲਗਭਗ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਖੇਡ ਮੁਕਾਬਲਿਆਂ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਹੋਰ ਵੱਡੇ ਸਮਾਗਮਾਂ ਲਈ ਵੀ ਲਾਭਦਾਇਕ ਹੋਵੇਗਾ।
ਉੱਥੇ ਹੀ 28 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕਨਵੈਨਸ਼ਨ ਸੈਂਟਰ ਵਿੱਚ 1400 ਤੋਂ ਵੱਧ ਵਿਅਕਤੀਆਂ ਦੀ ਸਮਰੱਥਾ ਵਾਲਾ ਆਡੀਟੋਰੀਅਮ, ਕੈਫੇਟੇਰੀਆ, ਰੈਸਟੋਰੈਂਟ ਅਤੇ ਆਧੁਨਿਕ ਕਾਨਫਰੰਸ ਸਪੇਸ ਵਿਕਸਤ ਕੀਤੇ ਜਾਣਗੇ। ਪੰਚਸ਼ੀਲ ਖੇਤਰ ਵਿੱਚ 42 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਾਇੰਸ ਪਾਰਕ ਬਣਾਇਆ ਜਾ ਰਿਹਾ ਹੈ। ਇਸ ਵਿੱਚ ਆਡੀਟੋਰੀਅਮ, ਪਲੈਨੇਟੇਰੀਅਮ, ਪ੍ਰਦਰਸ਼ਨੀ ਹਾਲ ਅਤੇ ਸੈਮੀਨਾਰ ਰੂਮ ਵਰਗੀਆਂ ਸਹੂਲਤਾਂ ਹੋਣਗੀਆਂ।
ਸ਼੍ਰੀ ਦੇਵਨਾਨੀ ਨੇ ਦੱਸਿਆ ਕਿ ਇਤਿਹਾਸਕ ਤਾਰਾਗੜ੍ਹ ਨੂੰ ਸੁਰੱਖਿਅਤ ਰੱਖਣ ਅਤੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਡੀ.ਪੀ.ਆਰ. ਤਿਆਰ ਕੀਤੀ ਜਾ ਰਹੀ ਹੈ। ਇੱਥੇ ਸ਼ਾਨਦਾਰ ਅਜਾਇਬ ਘਰ, ਚੌਹਾਨ ਸਮਰਾਟਾਂ ਦੇ ਪੂਰੇ ਕੱਦ ਵਾਲੇ ਬੁੱਤ, ਬਾਗ਼, ਪਾਰਕਿੰਗ, ਕੈਫੇ ਸਮੇਤ ਵੱਖ-ਵੱਖ ਸੈਰ-ਸਪਾਟਾ ਸਹੂਲਤਾਂ ਵਿਕਸਤ ਕਰਨ ਦੀ ਯੋਜਨਾ ਹੈ। ਇਸ ਨਾਲ ਤਾਰਾਗੜ੍ਹ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਰ-ਸਪਾਟਾ ਨਕਸ਼ੇ ‘ਤੇ ਨਵੀਂ ਪਛਾਣ ਮਿਲ ਸਕੇਗੀ।
ਇਸੇ ਤਰ੍ਹਾਂ ਕੁਦਰਤ ਪ੍ਰੇਮੀਆਂ ਲਈ ਲੈਪਰਡ ਸਫਾਰੀ ਵੀ ਇੱਕ ਸ਼ਾਨਦਾਰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਹੋਵੇਗੀ ਅਤੇ ਇੱਥੇ ਤੇਂਦੂਏ, ਹਿਰਨ ਅਤੇ ਹੋਰ ਕਈ ਜੰਗਲੀ ਜਾਨਵਰ ਆਸਾਨੀ ਨਾਲ ਦੇਖਣ ਨੂੰ ਮਿਲਣਗੇ। ਘਾਟੀ ਖੇਤਰ ਵਿੱਚ ਸਨਸੈੱਟ ਪੁਆਇੰਟ, ਸੈਲਫੀ ਪੁਆਇੰਟ ਅਤੇ ਹੋਰ ਸੈਰ-ਸਪਾਟਾ ਸਥਾਨਾਂ ਨੂੰ ਕੁਦਰਤੀ ਦਿੱਖ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਸੂਰਜਪੋਲ ਸਥਿਤ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਅਸਤਬਲ ਵਾਲੇ ਖੇਤਰ ਨੂੰ ਵੀ ਵਿਊ ਪੁਆਇੰਟ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਸੈਲਾਨੀਆਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ‘ਤੇ ਬੈਠਣ ਅਤੇ ਖਾਣ-ਪੀਣ ਦੇ ਪ੍ਰਬੰਧ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਵਰੁਣ ਸਾਗਰ ਦੇ ਸੁੰਦਰੀਕਰਨ ਦੀ ਯੋਜਨਾ ਤਹਿਤ ਇੱਥੇ ਭਗਵਾਨ ਵਰੁਣ ਦੀ 17 ਫੁੱਟ ਉੱਚੀ ਅਤੇ ਲਗਭਗ ਤਿੰਨ ਟਨ ਵਜ਼ਨ ਵਾਲੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਸ ਦਾ ਉਦਘਾਟਨ ਅਗਲੇ ਮਹੀਨੇ ਕੀਤੇ ਜਾਣ ਦੀ ਯੋਜਨਾ ਹੈ। ਉਨ੍ਹਾਂ ਵਰੁਣ ਸਾਗਰ ਦੇ ਵਿਕਾਸ ਨੂੰ ਅਜਮੇਰ ਨੂੰ ਝੀਲਾਂ ਦੇ ਸ਼ਹਿਰ ਵਜੋਂ ਨਵੀਂ ਪਛਾਣ ਦਿਵਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਪਹਿਲਕਦਮੀ ਦੱਸਿਆ। ਆਨਾ ਸਾਗਰ, ਵਰੁਣ ਸਾਗਰ ਅਤੇ ਚੌਰਸਿਆਵਾਸ ਝੀਲਾਂ ਦਾ ਵਿਕਾਸ ਸੈਰ-ਸਪਾਟੇ ਨੂੰ ਨਵੀਂ ਰਫ਼ਤਾਰ ਦੇਵੇਗਾ।
ਇਸੇ ਤਰ੍ਹਾਂ 8.50 ਕਰੋੜ ਰੁਪਏ ਦੀ ਲਾਗਤ ਨਾਲ ਜੈਪੁਰ ਰੋਡ ‘ਤੇ ਸ਼ਾਨਦਾਰ ਪ੍ਰਵੇਸ਼ ਦੁਆਰ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਵੇਸ਼ ਦੁਆਰ ‘ਤੇ ਤੀਰਥਰਾਜ ਪੁਸ਼ਕਰ, ਭਗਵਾਨ ਝੂਲੇਲਾਲ, ਸਮਰਾਟ ਅਜੈਰਾਜ, ਸਮਰਾਟ ਪ੍ਰਿਥਵੀਰਾਜ ਅਤੇ ਸਵਾਮੀ ਦਯਾਨੰਦ ਦੀਆਂ ਮੂਰਤੀਆਂ ਉਕਰੀਆਂ ਜਾਣਗੀਆਂ। ਇਹ ਅਜਮੇਰ ਦੀ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਬਣੇਗਾ।
ਸ਼੍ਰੀ ਦੇਵਨਾਨੀ ਨੇ ਕਿਹਾ ਕਿ ਅਜਮੇਰ ਵਿੱਚ ਹੋ ਰਹੇ ਵਿਕਾਸ ਕਾਰਜ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਤਸਵੀਰ ਅਤੇ ਤਕਦੀਰ ਬਦਲ ਦੇਣਗੇ। ਸੈਰ-ਸਪਾਟੇ, ਬੁਨਿਆਦੀ ਸਹੂਲਤਾਂ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਰਾਹੀਂ ਅਜਮੇਰ ਨੂੰ ਇੱਕ ਵਿਕਸਤ ਅਤੇ ਆਕਰਸ਼ਕ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਇਸ ਵਿਕਾਸ ਯਾਤਰਾ ਵਿੱਚ ਸਕਾਰਾਤਮਕ ਸਹਿਯੋਗ ਦੇਣ ਅਤੇ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
