Sports News : ਜ਼ਿਊਰਿਖ ਵਿੱਚ ਨੀਰਜ ਚੋਪੜਾ ਕੋਲ ਇਤਿਹਾਸ ਦੁਹਰਾਉਣ ਦਾ ਮੌਕਾ ਸੀ। ਪਰ ਉਹ ਇਹ ਉਪਲਬਧੀ ਹਾਸਲ ਕਰਨ ਤੋਂ ਖੁੰਝ ਗਏ। ਸਾਲ 2022 ਵਿੱਚ ਡਾਇਮੰਡ ਲੀਗ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਭਾਰਤੀ ਸਟਾਰ ਕੋਲ ਬੀਤੇ ਦਿਨ ਦੁਬਾਰਾ ਗੋਲਡ ਹਾਸਲ ਕਰਨ ਦਾ ਸੁਨਹਿਰਾ ਮੌਕਾ ਸੀ। ਪਰ ਉਹ ਇਹ ਕਰਿਸ਼ਮਾ ਨਹੀਂ ਕਰ ਸਕੇ। ਪੂਰੇ ਟੂਰਨਾਮੈਂਟ ਦੌਰਾਨ ਇੱਕ ਵਾਰ ਫਿਰ ਉਹ 90 ਮੀਟਰ ਤੋਂ ਵੱਧ ਦਾ ਥ੍ਰੋਅ ਨਹੀਂ ਸੁੱਟ ਸਕੇ। ਨਤੀਜਨ ਉਨ੍ਹਾਂ ਨੂੰ ਦੂਜੇ ਸਥਾਨ ‘ਤੇ ਰਹਿੰਦੇ ਹੋਏ ਸੰਤੋਸ਼ ਕਰਨਾ ਪਿਆ। ਇਹ ਤੀਜੀ ਵਾਰ ਹੈ ਜਦੋਂ ਨੀਰਜ ਚੋਪੜਾ ਨੂੰ ਡਾਇਮੰਡ ਲੀਗ ਵਿੱਚ ਸਿਲਵਰ ਨਾਲ ਸੰਤੋਸ਼ ਕਰਨਾ ਪਿਆ ਹੈ।
ਜੂਲੀਅਨ ਵੇਬਰ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ
ਡਾਇਮੰਡ ਲੀਗ 2025 ਵਿੱਚ ਜਦੋਂ ਕਿ ਨੀਰਜ ਚੋਪੜਾ ਦੂਜੇ ਸਥਾਨ ‘ਤੇ ਰਹੇ, ਜਰਮਨ ਸਟਾਰ ਜੂਲੀਅਨ ਵੇਬਰ ਨੇ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ। 30 ਸਾਲਾ ਖਿਡਾਰੀ ਨੇ 91.51 ਮੀਟਰ ਦਾ ਨਿੱਜੀ ਸਰਵੋਤਮ ਥਰੋਅ ਸੁੱਟ ਕੇ ਖਿਤਾਬ ਆਪਣੇ ਨਾਮ ਕੀਤਾ।
ਪਹਿਲੇ ਰਾਊਂਡ ਤੋਂ ਹੀ ਨੀਰਜ ‘ਤੇ ਭਾਰੀ ਰਹੇ ਵੇਬਰ
ਭਿੜੰਤ ਦੌਰਾਨ ਜੂਲੀਅਨ ਵੇਬਰ ਪਹਿਲੇ ਰਾਊਂਡ ਤੋਂ ਹੀ ਅੱਗੇ ਨਜ਼ਰ ਆਏ। ਉਨ੍ਹਾਂ ਨੇ ਆਪਣਾ ਪਹਿਲਾ ਥ੍ਰੋ 91.37 ਮੀਟਰ ਦਾ ਸੁੱਟਿਆ, ਜਦੋਂ ਕਿ ਨੀਰਜ ਦਾ ਪਹਿਲਾ ਥ੍ਰੋ 84.34 ਮੀਟਰ ਦਾ ਹੀ ਰਿਹਾ। ਇਸ ਤੋਂ ਬਾਅਦ ਦੂਜੇ ਥ੍ਰੋ ਵਿੱਚ ਉਨ੍ਹਾਂ ਨੇ 91.51 ਮੀਟਰ ਦੂਰ ਜੈਵਲਿਨ ਸੁੱਟਿਆ, ਜੋ ਕਿ ਫੈਸਲਾਕੁੰਨ ਸਾਬਤ ਹੋਇਆ।
ਨੀਰਜ ਚੋਪੜਾ ਦਾ ਦੂਜਾ ਥਰੋਅ 82 ਮੀਟਰ ਸੀ। ਇਸ ਤੋਂ ਬਾਅਦ, ਉਨ੍ਹਾਂ ਨੇ ਲਗਾਤਾਰ ਤੀਜਾ, ਚੌਥਾ ਅਤੇ ਪੰਜਵਾਂ ਥਰੋਅ ਫਾਊਲ ਕੀਤਾ। ਪਰ ਉਨ੍ਹਾਂ ਦਾ ਆਖਰੀ ਥਰੋਅ ਠੀਕ ਰਿਹਾ। ਇੱਥੇ ਉਨ੍ਹਾਂ ਨੇ 85.01 ਮੀਟਰ ਦੂਰ ਸੁੱਟਿਆ। ਜਿਸ ਕਾਰਨ ਉਹ ਦੂਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੇ।
