Home ਦੇਸ਼ ਐੱਨ.ਸੀ.ਬੀ. ਨੇ 5 ਲੱਖ ਤੋਂ ਵੱਧ ਗੋਲੀਆਂ ਤੇ ਕੈਪਸੂਲ ਕੀਤੇ ਜ਼ਬਤ

ਐੱਨ.ਸੀ.ਬੀ. ਨੇ 5 ਲੱਖ ਤੋਂ ਵੱਧ ਗੋਲੀਆਂ ਤੇ ਕੈਪਸੂਲ ਕੀਤੇ ਜ਼ਬਤ

0

ਜੰਮੂ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਜੰਮੂ ਜ਼ੋਨਲ ਯੂਨਿਟ ਨੇ ਦਿੱਲੀ ਜ਼ੋਨਲ ਯੂਨਿਟ ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰ-ਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਨੈੱਟਵਰਕ ਦਿੱਲੀ ਤੋਂ ਕਸ਼ਮੀਰ ਘਾਟੀ ਤੱਕ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ਵਿੱਚ ਸ਼ਾਮਲ ਸੀ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੌਰਾਨ, ਦਿੱਲੀ ਦੇ ਸ਼ਾਹਦਰਾ ਇਲਾਕੇ ਵਿੱਚ ਇੱਕ ਗੁਪਤ ਗੋਦਾਮ ਤੋਂ 5 ਲੱਖ ਤੋਂ ਵੱਧ ਗੋਲੀਆਂ, ਕੈਪਸੂਲ ਅਤੇ ਦਵਾਈਆਂ ਦੀਆਂ ਕਈ ਬੋਤਲਾਂ ਬਰਾਮਦ ਕੀਤੀਆਂ ਗਈਆਂ।

ਐੱਨ.ਸੀ.ਬੀ. ਅਨੁਸਾਰ, ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ, ਜੰਮੂ ਯੂਨਿਟ ਨੇ 16 ਨਵੰਬਰ, 2024 ਦੀ ਸਵੇਰ ਨੂੰ ਊਧਮਪੁਰ ਜ਼ਿਲ੍ਹੇ ਦੇ ਚੇਨਾਨੀ ਵਿੱਚ ਮਾਡਾ ਟੋਲ ਪਲਾਜ਼ਾ ਨੇੜੇ ਸ੍ਰੀਨਗਰ ਜਾ ਰਹੀ ਇੱਕ ਯਾਤਰੀ ਬੱਸ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ, ਡੋਡਾ ਜ਼ਿਲ੍ਹੇ ਦੇ ਭਦਰਵਾਹ ਦੇ ਰਹਿਣ ਵਾਲੇ ਇੱਕ ਵਿਅਕਤੀ ਕੋਲੋਂ ਲਗਭਗ 7 ਕਿਲੋਗ੍ਰਾਮ ਕੋਡੀਨ-ਯੁਕਤ ਖੰਘ ਦੀ ਦਵਾਈ (ਕਫ ਸੀਰਪ) ਬਰਾਮਦ ਕੀਤੀ ਗਈ। ਇਸ ਤੋਂ ਬਾਅਦ NDPS ਐਕਟ, 1985 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਅੱਗੇ ਕੀਤੀ ਗਈ ਜਾਂਚ ਦੇ ਸਿਲਸਿਲੇ ਵਿੱਚ ਕਸ਼ਮੀਰ ਘਾਟੀ ਵਿੱਚ ਇੱਕ ਕਾਰਵਾਈ ਕੀਤੀ ਗਈ, ਜਿੱਥੇ ਅਨੰਤਨਾਗ ਜ਼ਿਲ੍ਹੇ ਦੇ ਇੱਕ ਵਸਨੀਕ ਨੂੰ ਫੜਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਹੀ ਇਸ ਖੇਪ ਦਾ ਮੁੱਖ ਪ੍ਰਾਪਤਕਰਤਾ ਸੀ। ਜਦੋਂ ਸਪਲਾਈ ਚੇਨ ਦੀ ਜਾਂਚ ਦਿੱਲੀ ਤੱਕ ਪਹੁੰਚੀ, ਤਾਂ ਐੱਨ.ਸੀ.ਬੀ. ਦੀ ਜੰਮੂ ਅਤੇ ਦਿੱਲੀ ਯੂਨਿਟਾਂ ਦੀ ਇੱਕ ਸਾਂਝੀ ਟੀਮ ਨੇ ਇਸ ਨੈੱਟਵਰਕ ਨਾਲ ਜੁੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 18 ਨਵੰਬਰ ਨੂੰ ਕੋਡੀਨ-ਯੁਕਤ ਖੰਘ ਦੀ ਦਵਾਈ ਦੀਆਂ 356 ਬੋਤਲਾਂ ਬਰਾਮਦ ਕੀਤੀਆਂ।

ਇਸ ਤੋਂ ਬਾਅਦ ਦੀ ਜਾਂਚ ਵਿੱਚ ਦਿੱਲੀ ਦੇ ਸ਼ਾਹਦਰਾ ਵਿੱਚ ਕਿਰਾਏ ਦੀ ਇਮਾਰਤ ਵਿੱਚ ਚਲਾਏ ਜਾ ਰਹੇ ਇੱਕ ਗੁਪਤ ਗੋਦਾਮ ਦਾ ਪਤਾ ਲੱਗਾ। 18 ਅਤੇ 19 ਨਵੰਬਰ ਨੂੰ ਕੀਤੀ ਗਈ ਤਲਾਸ਼ੀ ਦੌਰਾਨ 5 ਲੱਖ ਤੋਂ ਵੱਧ ਗੋਲੀਆਂ, ਕੈਪਸੂਲ ਅਤੇ ਦਵਾਈਆਂ ਦੀਆਂ ਬੋਤਲਾਂ ਬਰਾਮਦ ਹੋਈਆਂ। ਇਨ੍ਹਾਂ ਵਿੱਚ ਟ੍ਰਾਮਾਡੋਲ ਹਾਈਡ੍ਰੋਕਲੋਰਾਈਡ , ਅਲਪਰਾਜ਼ੋਲਮ, ਨਿਟਰਾਜ਼ੇਪਾਮ ਅਤੇ ਕੋਡੀਨ-ਯੁਕਤ ਦਵਾਈਆਂ ਸ਼ਾਮਲ ਹਨ।

ਐੱਨ.ਸੀ.ਬੀ. ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਵੇਂ ਇਹ ਦਵਾਈਆਂ ਆਪਣੀ ਜਾਇਜ਼ ਸਪਲਾਈ ਚੇਨ ਤੋਂ ਹਟਾ ਕੇ ਗੈਰ-ਕਾਨੂੰਨੀ ਢੰਗ ਨਾਲ ਅੱਗੇ ਭੇਜੀਆਂ ਜਾ ਰਹੀਆਂ ਸਨ। ਇਸ ਦੇ ਨਾਲ ਹੀ, ਏਜੰਸੀ ਇਨ੍ਹਾਂ ਦੇ ਸਰੋਤਾਂ, ਸਪਲਾਇਰਾਂ, ਵਿਤਰਕਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰ ਰਹੀ ਹੈ। ਏਜ ਐੱਨ.ਸੀ.ਬੀ. ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਵਰਤੋਂ (ਡਾਇਵਰਸ਼ਨ) ਬਾਰੇ ਕੋਈ ਵੀ ਭਰੋਸੇਯੋਗ ਜਾਣਕਾਰੀ, ਨੈਸ਼ਨਲ ਨਾਰਕੋਟਿਕਸ ਹੈਲਪਲਾਈਨ  (1933) ਰਾਹੀਂ ਪੂਰੀ ਗੁਪਤਤਾ ਨਾਲ ਸਾਂਝਾ ਕਰਨ। ਇਸ ਪਹਿਲਕਦਮੀ ਦਾ ਉਦੇਸ਼ ‘ਨਸ਼ਾ ਮੁਕਤ ਭਾਰਤ ਅਭਿਆਨ’ ਨੂੰ ਹੋਰ ਮਜ਼ਬੂਤ ​​ਕਰਨਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version