ਅੰਮ੍ਰਿਤਸਰ : ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ’ਤੇ ਨਗਰ ਕੀਰਤਨ ਆਰੰਭ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 10 ਵਜੇ ਨਗਰ ਕੀਰਤਨ ਆਰੰਭ ਹੋਇਆ। ਇਹ ਨਗਰ ਕੀਰਤਨ ਪਲਾਜ਼ਾ ਘੰਟਾ ਘਰ, ਜਲਿਆਂਵਾਲਾ ਬਾਗ, ਘੀ ਮੰਡੀ ਚੌਕ, ਸ਼ੇਰਾ ਵਾਲਾ ਗੇਟ, ਮਹਾਂ ਸਿੰਘ ਗੇਟ, ਚੌਕ ਰਾਮ ਬਾਗ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖਜ਼ਾਨਾ ਗੇਟ, ਗੇਟ ਹਕੀਮਾ, ਭਗਤਾ ਵਾਲਾ ਚੌਕ, ਚਾਟੀ ਵਿੰਡ ਗੇਟ, ਸੁਲਤਾਨਵਿੰਡ ਗੇਟ ਅਤੇ ਦੁਬਾਰਾ ਘੀ ਮੰਡੀ ਚੌਕ ਤੋਂ ਹੁੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਰਾਗ ਦਰਬਾਰ ਅਤੇ ਰਵਾਇਤੀ ਸ਼ਬਦ ਕੀਰਤਨ ਦਰਬਾਰ ਦਾ ਆਯੋਜਨ ਹੋਵੇਗਾ, ਜਿਸ ਵਿੱਚ ਪੰਥ ਦੇ ਮਸ਼ਹੂਰ ਰਾਗੀ ਜੱਥੇ ਰਾਗ ਆਧਾਰਿਤ ਕੀਰਤਨ ਸੰਗਤ ਨੂੰ ਸੁਣਾਉਣਗੇ।
8 ਅਕਤੂਬਰ, ਗੁਰੂ ਪੂਰਬ ‘ਤੇ ਦਿਨ ਭਰ ਧਾਰਮਿਕ ਦੀਵਾਨ ਸਜਾਏ ਜਾਣਗੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਵਿਸ਼ੇਸ਼ ਸਜਾਵਟ ਵੀ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।
