ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਕਬੱਡੀ ਖਿਡਾਰਨ ਅਨੁਸ਼ਕਾ ਉਰਫ਼ ਰੀਆ ਦੇ ਕਤਲ ਮਾਮਲੇ ਵਿੱਚ ਪੁਲਿਸ ਡੀ.ਐਨ.ਏ. ਟੈਸਟ ਕਰੇਗੀ ਅਤੇ ਜਾਂਚ ਲਈ ਨਮੂਨੇ ਇਕੱਠੇ ਕੀਤੇ ਗਏ ਹਨ, ਪੁਲਿਸ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਪਰਿਵਾਰ ਨੇ ਹੁਣ ਲਾਸ਼ ਅਨੁਸ਼ਕਾ ਦੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਉਸਦਾ ਅੰਤਿਮ ਸਸਕਾਰ ਪਹਿਲਾਂ ਹੀ ਕਰ ਦਿੱਤਾ ਹੈ। ਪੁਲਿਸ ਦੇ ਅਨੁਸਾਰ, ਅਨੁਸ਼ਕਾ ਦਾ ਕਤਲ ਕਥਿਤ ਤੌਰ ‘ਤੇ ਕੰਕਰਖੇੜਾ ਪੁਲਿਸ ਸਟੇਸ਼ਨ ਖੇਤਰ ਵਿੱਚ ਇੱਕ ਫਾਸਟ ਫੂਡ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਪੈਸੇ ਦੇ ਝਗੜੇ ਕਾਰਨ ਕੀਤਾ ਸੀ। ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਸ਼ਿਆਮ ਧਨਕ (42) ਵਜੋਂ ਹੋਈ ਹੈ।
12ਵੀਂ ਜਮਾਤ ਦੀ ਅਨੁਸ਼ਕਾ ਦੇ ਕਤਲ ਦਾ ਖੁੱਲ੍ਹਿਆ ਰਹੱਸ
ਪੁਲਿਸ ਦੇ ਅਨੁਸਾਰ, ਦੌਰਾਲਾ ਦੇ ਚਿਰੌਦੀ ਪਿੰਡ ਦੇ ਰਹਿਣ ਵਾਲੇ ਨੇਮਪਾਲ ਨੇ 28 ਅਪ੍ਰੈਲ ਨੂੰ ਕੰਕਰਖੇੜਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਨ੍ਹਾਂ ਦੀ ਧੀ ਅਨੁਸ਼ਕਾ ਉਰਫ਼ ਰੀਆ (17) 16 ਅਪ੍ਰੈਲ ਤੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ। ਅਨੁਸ਼ਕਾ ਕੰਕਰਖੇੜਾ ਬਾਈਪਾਸ ‘ਤੇ ਇੱਕ ਸਕੂਲ ਵਿੱਚ 12ਵੀਂ ਜਮਾਤ ਦੀ ਵਿ ਦਿਆਰਥਣ ਸੀ ਅਤੇ ਇੱਕ ਕਬੱਡੀ ਖਿਡਾਰਨ ਸੀ। ਪੁਲਿਸ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਅਤੇ ਖੇਡ ਅਭਿਆਸ ਲਈ ਪਿਛਲੇ ਨੌਂ ਮਹੀਨਿਆਂ ਤੋਂ ਸ਼ੋਭਾਪੁਰ ਬਾਈਪਾਸ ‘ਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਤਕਨੀਕੀ ਸਬੂਤਾਂ ਅਤੇ ਇੱਕ ਸੂਹ ਦੇ ਆਧਾਰ ‘ਤੇ, ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ, ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ੋਭਾਪੁਰ ਕੱਟ ਦੇ ਨੇੜੇ ਇੱਕ ਫੂਡ ਸਟਾਲ ‘ਤੇ ਕੰਮ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ। ਪੁਲਿਸ ਨੇ ਦੋਸ਼ੀ ਦੇ ਹਵਾਲੇ ਨਾਲ ਕਿਹਾ ਕਿ ਅਨੁਸ਼ਕਾ ਨਾਲ ਉਸਦੀ ਜਾਣ-ਪਛਾਣ ਸੀ ਅਤੇ ਉਹ ਉਸ ਤੋਂ ਪੈਸੇ ਉਧਾਰ ਲੈਂਦੀ ਸੀ ਅਤੇ ਰੁਪਏ ਮੰਗਣ ‘ਤੇ ਹੋਏ ਵਿਵਾਦ ਵਿੱਚ ਉਸਨੇ ਇੱਟ ਨਾਲ ਵਾਰ ਕਰਕੇ ਅਨੁਸ਼ਕਾ ਦੀ ਹੱਤਿਆ ਕਰ ਦਿੱਤੀ ।
ਅੰਤਿਮ ਸਸਕਾਰ ਤੋਂ ਬਾਅਦ ਕੀਤੀ ਜਾਵੇਗੀ ਡੀ.ਐਨ.ਏ. ਟੈਸਟਿੰਗ
ਪੁਲਿਸ ਦੇ ਅਨੁਸਾਰ, ਦੋਸ਼ੀ ਨੇ ਲਾਸ਼ ਨੂੰ ਇੱਕ ਬੋਰੀ ਵਿੱਚ ਭਰ ਕੇ ਰੋਹਤਾ ਬਾਈਪਾਸ ਰੋਡ ਦੇ ਨੇੜੇ ਇੱਕ ਨਾਲੇ ਵਿੱਚ ਸੁੱਟ ਦਿੱਤਾ ਸੀ। ਦੋਸ਼ੀ ਦੇ ਨਿਰਦੇਸ਼ਾਂ ‘ਤੇ, ਪੁਲਿਸ ਨੇ ਐਤਵਾਰ ਨੂੰ ਲਾਸ਼ ਬਰਾਮਦ ਕੀਤੀ। ਕਈ ਦਿਨਾਂ ਤੱਕ ਨਾਲੇ ਵਿੱਚ ਪਏ ਰਹਿਣ ਤੋਂ ਬਾਅਦ ਲਾਸ਼ ਇੱਕ ਪਿੰਜਰ ਵਿੱਚ ਬਦਲ ਗਈ ਸੀ। ਕੰਕਰਖੇੜਾ ਪੁਲਿਸ ਸਟੇਸ਼ਨ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਡੀ.ਐਨ.ਏ. ਟੈਸਟਿੰਗ ਲਈ ਨਮੂਨੇ ਲਏ ਗਏ ਹਨ,ਅਤੇ ਮਾਪਿਆਂ ਤੋਂ ਨਮੂਨੇ ਵੀ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਨੇ ਹੁਣ ਲਾਸ਼ ਨੂੰ ਅਨੁਸ਼ਕਾ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ ਅਤੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਹੈ। ਪੁਲਿਸ ਸੁਪਰਡੈਂਟ (ਸ਼ਹਿਰ) ਵਿਨਾਇਕ ਗੋਪਾਲ ਭੋਸਲੇ ਨੇ ਕਿਹਾ ਕਿ ਕੁਝ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਗੁੰਮਰਾਹ ਕੀਤਾ ਸੀ ਅਤੇ ਬਰਾਮਦ ਕੀਤੇ ਮੋਬਾਈਲ ਫੋਨ ਸਮੇਤ ਹੋਰ ਤੱਥਾਂ ਦੇ ਆਧਾਰ ‘ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਕੀਤੀ ਹੈ।
