ਮੋਹਾਲੀ: ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੰਜਾਬ ਦੇ ਸਿਹਤ ਅਤੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਮਿਲਾਵਟੀ ਅਤੇ ਘਟੀਆ ਖਾਣ-ਪੀਣ ਵਾਲੀਆਂ ਵਸਤਾਂ ਖ਼ਿਲਾਫ਼ ਜਾਂਚ ਮੁਹਿੰਮ ਤੇਜ਼ ਕੀਤੀ ਗਈ ਹੈ। ਇਸੇ ਤਹਿਤ ਮੋਹਾਲੀ ਦੇ ਪਿੰਡ ਸੁੰਦਰਨ ਵਿੱਚ ਸਥਿਤ ਕਾਕਾ ਜੀ ਡੇਅਰੀ ਨਾਮ ਦੀ ਪਨੀਰ ਫੈਕਟਰੀ ’ਤੇ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ।
ਮਿਲੀ ਜਾਣਕਾਰੀ ਮੁਤਾਬਕ ਟੀਮ ਨੇ ਫੈਕਟਰੀ ਵਿੱਚੋਂ ਕਰੀਬ 1200 ਕਿਲੋਗ੍ਰਾਮ ਪਨੀਰ ਜ਼ਬਤ ਕੀਤਾ ਹੈ। ਅਧਿਕਾਰੀਆਂ ਵੱਲੋਂ ਪਨੀਰ ਤਿਆਰ ਕਰਨ ਵਾਲੀ ਥਾਂ ’ਤੇ ਸਫ਼ਾਈ ਅਤੇ ਸਵੱਛਤਾ ਸਬੰਧੀ ਹਾਲਾਤ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਨੀਰ ਦੀ ਗੁਣਵੱਤਾ ’ਤੇ ਸ਼ੱਕ ਜਤਾਇਆ ਗਿਆ ਹੈ ਅਤੇ ਇਸ ਦੇ ਐਨਾਲਾਗ ਜਾਂ ਹੋਰ ਮਿਲਾਵਟੀ ਉਤਪਾਦ ਹੋਣ ਦੀ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਨੇ ਫੈਕਟਰੀ ਵਿੱਚ ਮੌਜੂਦ ਦੁੱਧ ਪਾਊਡਰ ਦੇ ਨਮੂਨੇ ਵੀ ਇਕੱਠੇ ਕੀਤੇ ਹਨ। ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ। ਰਿਪੋਰਟ ਆਉਣ ਤੋਂ ਬਾਅਦ ਹੀ ਉਤਪਾਦ ਦੀ ਅਸਲ ਗੁਣਵੱਤਾ ਅਤੇ ਉਸ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ।
ਦੱਸ ਦੇਈਏ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਪੰਜਾਬ ਵਿੱਚ ਖੁਰਾਕ ਸੁਰੱਖਿਆ ਵਿਭਾਗ ਨੇ ਪਨੀਰ, ਖੋਆ, ਮਿਠਾਈਆਂ ਅਤੇ ਬੇਕਰੀ ਉਤਪਾਦਾਂ ਦੀ ਜਾਂਚ ਵਧਾਈ ਹੈ। ਹਾਲ ਹੀ ਵਿੱਚ ਸੂਬੇ ਭਰ ਵਿੱਚ ਪਨੀਰ ਅਤੇ ਖੋਆ ਦੇ 216 ਨਮੂਨੇ ਜਾਂਚ ਲਈ ਲਏ ਗਏ ਹਨ। ਵਿਭਾਗ ਨੇ ਖੁਰਾਕ ਕਾਰੋਬਾਰੀਆਂ ਨੂੰ ਸਫ਼ਾਈ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
