Home ਖੇਡਾਂ ਮੋਗਾ ਤੇ ਲੁਧਿਆਣਾ ਨੇ ਜਿੱਤੇ ਰਾਜ ਪੱਧਰੀ ਹਾਕੀ ਮੁਕਾਬਲੇ 

ਮੋਗਾ ਤੇ ਲੁਧਿਆਣਾ ਨੇ ਜਿੱਤੇ ਰਾਜ ਪੱਧਰੀ ਹਾਕੀ ਮੁਕਾਬਲੇ 

0

ਬਠਿੰਡਾ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਰਾਜ ਪੱਧਰੀ ਹਾਕੀ ਮੁਕਾਬਲੇ ਸਪੋਰਟਸ ਸਟੇਡੀਅਮ ਬਠਿੰਡਾ ਅਤੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਖੇਡ ਮੈਦਾਨ ਵਿੱਚ ਕਰਵਾਏ ਗਏ। ਇਹ ਮੁਕਾਬਲੇ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਬਰਾੜ ਦੀ ਦੇਖ-ਰੇਖ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਏ ਗਏ। ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅੰਡਰ-31 ਤੋਂ 40 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਮੋਗਾ ਨੇ ਰੂਪਨਗਰ ਨੂੰ 3-0 ਨਾਲ ਹਰਾਇਆ, ਜਦਕਿ ਲੁਧਿਆਣਾ ਨੇ ਸੰਗਰੂਰ ਨੂੰ 4-0 ਨਾਲ ਹਰਾਇਆ। ਅੰਤਿਮ ਨਤੀਜਿਆਂ ਵਿੱਚ ਮੋਗਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਰੂਪਨਗਰ ਦੂਜੇ, ਲੁਧਿਆਣਾ ਤੀਜੇ ਅਤੇ ਸੰਗਰੂਰ ਚੌਥੇ ਸਥਾਨ ’ਤੇ ਰਿਹਾ। ਮੋਗਾ ਦੇ ਖਿਡਾਰੀਆਂ ਨੇ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਤਾਲਮੇਲ ਅਤੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।

ਅੰਡਰ-21 ਸਾਲ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ 3-0 ਨਾਲ ਹਰਾਇਆ, ਜਦਕਿ ਜਲੰਧਰ ਨੇ ਬਠਿੰਡਾ ਨੂੰ 2-0 ਨਾਲ ਹਰਾਇਆ। ਇਸ ਵਰਗ ਦੇ ਅੰਤਿਮ ਨਤੀਜਿਆਂ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਰੂਪਨਗਰ ਦੂਜੇ, ਜਲੰਧਰ ਤੀਜੇ ਅਤੇ ਬਠਿੰਡਾ ਚੌਥੇ ਸਥਾਨ ’ਤੇ ਰਿਹਾ। ਜੇਤੂ ਟੀਮਾਂ ਦੇ ਖਿਡਾਰੀਆਂ ਨੇ ਤੇਜ਼ ਪਾਸਿੰਗ ਅਤੇ ਸ਼ਾਨਦਾਰ ਫਿਨਿਸ਼ਿੰਗ ਦਾ ਪ੍ਰਦਰਸ਼ਨ ਕੀਤਾ।

ਅੰਡਰ-21 ਤੋਂ 30 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਮੋਗਾ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੁਕਾਬਲੇ ਵਿੱਚ ਮੋਗਾ ਦੇ ਅਨਮੋਲਪ੍ਰੀਤ ਸਿੰਘ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ। ਇਸੇ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਪਠਾਨਕੋਟ ਨੇ ਪਟਿਆਲਾ ਨੂੰ 1-0 ਨਾਲ ਹਰਾਇਆ।

ਮੁਕਾਬਲਿਆਂ ਦੌਰਾਨ ਖੇਡ ਵਿਭਾਗ ਵੱਲੋਂ ਬਾਹਰੋਂ ਆਏ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦੇ ਵਧੀਆ ਪ੍ਰਬੰਧ ਕੀਤੇ ਗਏ। ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਕਾਰਨ ਖਿਡਾਰੀਆਂ ਅਤੇ ਟੀਮਾਂ ਨੇ ਖੇਡ ਵਿਭਾਗ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਹਾਕੀ ਕੋਚ ਅਵਤਾਰ ਸਿੰਘ, ਕੋਚ ਰਾਜਵੰਤ ਸਿੰਘ ਅਤੇ ਹਾਕੀ ਕੋਚ ਅਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇੱਕ ਅਹਿਮ ਮੰਚ ਪ੍ਰਦਾਨ ਕਰਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version