ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ, ਮੰਗਲਵਾਰ, 11 ਅਗਸਤ ਤੋਂ ਗਾਂ ਅਤੇ ਮੱਝ ਦੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵੱਧ ਜਾਵੇਗੀ। ਇਸ ਦੌਰਾਨ ਡੇਅਰੀ ਉਤਪਾਦ 10 ਪ੍ਰਤੀਸ਼ਤ ਤੱਕ ਮਹਿੰਗਾ ਹੋ ਜਾਣਗੇ। ਇਹ ਫੈਸਲਾ ਦੁੱਧ ਉਤਪਾਦਕ ਅਤੇ ਪ੍ਰੋਸੈਸਰ ਭਲਾਈ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਲਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੋਪਾਲ ਰਾਓ ਮਹਸਕੇ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਮੁੱਖ ਸਹਿਕਾਰੀ ਅਤੇ ਨਿੱਜੀ ਡੇਅਰੀਆਂ ਦੇ ਪ੍ਰਤੀਨਿਧੀਆਂ ਵੱਲੋਂ ਵਾਧੇ ਨੂੰ ਮਨਜ਼ੂਰੀ ਦੇਣ ਦੇ ਬਾਅਦ ਇਹ ਫੈਸਲਾ ਲਿਆ ਗਿਆ।
ਐਸੋਸੀਏਸ਼ਨ ਦੇ ਅਨੁਸਾਰ, ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦੋਂ ਕਿ ਪੈਕੇਜਿੰਗ ਲਾਗਤਾਂ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੁੱਧ ਦੀ ਖਰੀਦ ਕੀਮਤ ਵਿੱਚ ਵੀ ਵਾਧਾ ਹੋਇਆ ਹੈ ਅਤੇ ਹੋਰ ਵਾਧੇ ਦੀ ਉਮੀਦ ਹੈ।
ਵਧਦੀਆਂ ਲਾਗਤਾਂ ਨੂੰ ਦੇਖਦੇ ਹੋਏ, ਐਸੋਸੀਏਸ਼ਨ ਨੇ ਦੁੱਧ ਦੀ ਵਿਕਰੀ ਕੀਮਤ ਯਾਨੀ ਕਿ ਸੇਲਿੰਗ ਪ੍ਰਾਈਸ 2 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਫੈਸਲਾ ਲਿਆ। ਇਸ ਤੋਂ ਇਲਾਵਾ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿੱਚ 10 ਪ੍ਰਤੀਸ਼ਤ ਤੱਕ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਕਿਹਾ ਕਿ ਨਵੀਆਂ ਕੀਮਤਾਂ 11 ਅਗਸਤ ਤੋਂ ਲਾਗੂ ਹੋਣਗੀਆਂ।
ਆਂਧਰਾ ਪ੍ਰਦੇਸ਼ ਵਿੱਚ ਵੀ ਵੱਧ ਰਹੀਆਂ ਹਨ ਕੀਮਤਾਂ
ਆਂਧਰਾ ਪ੍ਰਦੇਸ਼ ਵਿੱਚ ਕ੍ਰਿਸ਼ਨਾ ਡਿਸਟ੍ਰਿਕਟ ਮਿਲਕ ਪ੍ਰੋਡਿਊਸਰਜ਼ ਮਿਊਚੁਅਲੀ ਏਡਿਡ ਕੋਆਪਰੇਟਿਵ ਯੂਨੀਅਨ ਲਿਮਟਿਡ (ਕ੍ਰਿਸ਼ਨਾ ਮਿਲਕ ਯੂਨੀਅਨ) ਦੁਆਰਾ ਚਲਾਈ ਜਾ ਰਹੀ ਵਿਜਯਾ ਡੇਅਰੀ ਨੇ 10 ਅਗਸਤ ਤੋਂ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧੇ ਦਾ ਐਲਾਨ ਕੀਤਾ ਹੈ। ਇਹ ਵਾਧਾ ਦੁੱਧ ਦੀਆਂ ਸੱਤ ਕਿਸਮਾਂ ‘ਤੇ ਲਾਗੂ ਹੋਵੇਗਾ। ਨਵੀਆਂ ਕੀਮਤਾਂ 9 ਅਗਸਤ ਦੀ ਇਨਵੌਇਸ ਮਿਤੀ ਤੋਂ ਮਾਸਿਕ ਕਾਰਡਧਾਰਕਾਂ ਸਮੇਤ ਗਾਹਕਾਂ ‘ਤੇ ਲਾਗੂ ਹੋਣਗੀਆਂ। ਆਂਧਰਾ ਪ੍ਰਦੇਸ਼ ਵਿੱਚ, ਕਈ ਡੇਅਰੀ ਕੰਪਨੀਆਂ ਨੇ ਪਿਛਲੇ 4 ਮਹੀਨਿਆਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਕੀਤਾ ਹੈ।
