ਇਗਬੋਕੋਡਾ: ਦੱਖਣੀ ਨਾਈਜੀਰੀਆ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਦਸੇ ਵਿੱਚ ਜਹਾਜ਼ ’ਚ ਸਵਾਰ 25 ਯਾਤਰੀਆਂ ਅਤੇ 7 ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਹਾਦਸਾ ਓਂਡੋ ਰਾਜ ਦੇ ਇਗਬੋਕੋਡਾ ਖੇਤਰ ਵਿੱਚ ਵਾਪਰਿਆ।
ਜਾਣਕਾਰੀ ਮੁਤਾਬਕ ਫੌਜੀ ਜਹਾਜ਼ ਨਾਈਜੀਰੀਆ ਦੇ ਆਰਥਿਕ ਕੇਂਦਰ ਲਾਗੋਸ ਲਈ ਇੱਕ ਨਿਯਮਤ ਮਿਸ਼ਨ ’ਤੇ ਜਾ ਰਿਹਾ ਸੀ। ਇਸੇ ਦੌਰਾਨ ਇਹ ਇਗਬੋਕੋਡਾ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਨਾਈਜੀਰੀਆ ਦੇ ਹਵਾਬਾਜ਼ੀ ਮੰਤਰੀ ਫੇਸਟਸ ਕੀਆਮੋ ਨੇ ਇੱਕ ਬਿਆਨ ਵਿੱਚ ਘਟਨਾ ਦੀ ਜਾਣਕਾਰੀ ਦਿੱਤੀ।
ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ ਕੁੱਲ 32 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 25 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਵੱਲੋਂ ਘਟਨਾ ਸਥਾਨ ’ਤੇ ਕਾਰਵਾਈ ਕੀਤੀ ਗਈ।
ਹਾਦਸੇ ਦੇ ਕਾਰਨਾਂ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਹਾਜ਼ ਕਿਸ ਸਥਿਤੀ ਵਿੱਚ ਹਾਦਸਾਗ੍ਰਸਤ ਹੋਇਆ ਅਤੇ ਇਸ ਪਿੱਛੇ ਕੀ ਕਾਰਨ ਰਹੇ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੇ ਨਾਈਜੀਰੀਆ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਹਾਦਸੇ ਨਾਲ ਜੁੜੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
