ਗੈਜੇਟ ਡੈਸਕ : ਮਾਈਕ੍ਰੋਸਾਫਟ ਯੂਜ਼ਰਸ ਲਈ ਵੱਡੀ ਖ਼ਬਰ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮਾਈਕ੍ਰੋਸਾਫਟ ਉਤਪਾਦਾਂ ਵਿੱਚ ਉੱਚ-ਜੋਖਮ ਵਾਲਾ ਸੁਰੱਖਿਆ ਖ਼ਤਰਾ ਹੈ। ਸਰਕਾਰ ਦੁਆਰਾ ਇਸ ਚੇਤਾਵਨੀ ਨੂੰ “ਉੱਚ ਗੰਭੀਰਤਾ” ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। CERT-In ਦੇ ਅਨੁਸਾਰ, ਇਹ ਸੁਰੱਖਿਆ ਖਾਮੀਆਂ ਕਈ ਮਹੱਤਵਪੂਰਨ ਮਾਈਕ੍ਰੋਸਾਫਟ ਉਤਪਾਦਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ।
ਇਹ ਪ੍ਰੋਡਕਟਸ ਹੋ ਸਕਦੇ ਹਨ ਪ੍ਰਭਾਵਿਤ
ਪ੍ਰਭਾਵਿਤ ਹੋਣ ਵਾਲੇ ਪ੍ਰੋਡਕਟਸ ਵਿੱਚ ਵਿੰਡੋਜ਼, ਮਾਈਕਰੋਸਾਫਟ ਆਫਿਸ, SQL ਸਰਵਰ, ਅਜ਼ੂਰ ਸਰਵਿਸਿਜ਼, ਮਾਈਕਰੋਸਾਫਟ ਐਜ, ਐਕਸਬਾਕਸ ਗੇਮਿੰਗ ਸਰਵਿਸਿਜ਼, ਮਾਈਕਰੋਸਾਫਟ 365 ਐਪਸ, ਆਫਿਸ ਔਨਲਾਈਨ ਸਰਵਰ ਅਤੇ ਆਟੋਅਪਡੇਟ ਫਾਰ ਮੈਕ ਤੱਕ ਸ਼ਾਮਲ ਹਨ।
ਇਨ੍ਹਾਂ ਖਾਮੀਆਂ ਦਾ ਫਾਇਦਾ ਉਠਾ ਕੇ, ਸਾਈਬਰ ਹਮਲਾਵਰ ਸਿਸਟਮ ਦਾ ਕੰਟਰੋਲ ਹਾਸਲ ਕਰ ਸਕਦੇ ਹਨ, ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰ ਸਕਦੇ ਹਨ, ਐਡਮਿਨ ਵਰਗੇ ਅਧਿਕਾਰ ਪ੍ਰਾਪਤ ਕਰ ਸਕਦੇ ਹਨ, ਨਕਲੀ ਹਮਲੇ ਕਰ ਸਕਦੇ ਹਨ, ਖਤਰਨਾਕ ਕੋਡ ਚਲਾ ਸਕਦੇ ਹਨ ਅਤੇ ਸਿਸਟਮ ਨੂੰ ਵੀ ਠੱਪ ਕਰ ਸਕਦੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ, CERT-In ਨੇ ਸਾਰੇ ਉਪਭੋਗਤਾਵਾਂ ਅਤੇ IT ਪ੍ਰਸ਼ਾਸਕਾਂ ਨੂੰ ਬਿਨਾਂ ਦੇਰੀ ਕੀਤੇ ਆਪਣੇ ਸਿਸਟਮ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।
WhatsApp ਲਈ ਵੀ ਆਈ ਸੀ ਅਜਿਹੀ ਵਾਰਨਿੰਗ
ਪਿਛਲੇ ਹਫ਼ਤੇ, CERT-In ਨੇ ਵੀ WhatsApp ਉਪਭੋਗਤਾਵਾਂ ਲਈ ਅਜਿਹੀ ਚੇਤਾਵਨੀ ਜਾਰੀ ਕੀਤੀ ਸੀ। ਕਿਹਾ ਜਾ ਰਿਹਾ ਸੀ ਕਿ ਇਹ ਨੁਕਸ WhatsApp ਦੇ ਲਿੰਕਡ ਡਿਵਾਈਸਾਂ ਵਿੱਚ ਸਿੰਕ੍ਰੋਨਾਈਜ਼ਡ ਮੈਸੇਜਾਂ ਨੂੰ ਗਲਤ ਤਰੀਕੇ ਨਾਲ ਸੰਭਾਲਣ ਕਾਰਨ ਆਇਆ ਹੈ। ਇਸਦਾ ਫਾਇਦਾ ਚੁੱਕ ਕੇ ਰਿਮੋਟ ਅਟੈਕਰ ਕਿਸੇ ਡਿਵਾਈਸ ‘ਤੇ ਮਲੇਸ਼ੀਅਸ ਰਿਕੁਐਸਟ ਭੇਜ ਸਕਦੇ ਹਨ। ਇਸ ਨਾਲ ਯੂਜ਼ਰ ਨੂੰ ਪਤਾ ਲੱਗੇ ਬਿਨਾਂ ਹੀ ਉਸਦੀ ਪ੍ਰਾਈਵੇਟ ਚੈਟਸ ਅਤੇ ਕਾਨਫੀਡੈਂਸ਼ੀਅਲ ਜਾਣਕਾਰੀ ਅਟੈਕਰ ਦੇ ਕੋਲ ਪਹੁੰਚ ਜਾਵੇਗੀ। ਇਸਦਾ ਵਿਸ਼ੇਸ਼ ਅਸਰ WhatsApp ਦੇ iOS 2.25.21.73 ਤੋਂ ਪੁਰਾਣੇ ਵਰਜ਼ਨ, WhatsApp Business ਦੇ 2.25.21.78 ਤੋਂ ਪੁਰਾਣੇ ਵਰਜ਼ਨ ਅਤੇ WhatsApp for Mac ਦੇ 2.25.21.78 ਤੋਂ ਪੁਰਾਣੇ ਵਰਜ਼ਨ ‘ਤੇ ਹੋਵੇਗਾ। WhatsApp ਦੇ ਇਨ੍ਹਾਂ ਵਰਜ਼ਨ ‘ਤੇ ਹੈਕਿੰਗ ਦਾ ਸਭ ਤੋਂ ਜ਼ਿਆਦਾ ਖਤਰਾ ਹੈ। ਏਜੰਸੀ ਵੱਲੋਂ ਇਨ੍ਹਾਂ ਨੂੰ ਤੁਰੰਤ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਸੀ।
