Home ਹਰਿਆਣਾ ਬੱਲਭਗੜ੍ਹ ਤੋਂ ਪਲਵਲ ਤੱਕ ਮੈਟਰੋ ਵਿਸਥਾਰ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ

ਬੱਲਭਗੜ੍ਹ ਤੋਂ ਪਲਵਲ ਤੱਕ ਮੈਟਰੋ ਵਿਸਥਾਰ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ

0

ਪਲਵਲ : ਹਰਿਆਣਾ ਵਿੱਚ ਮੈਟਰੋ ਦੇ ਵਿਸਤਾਰ ਨਾਲ ਜੁੜੀ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੱਲਭਗੜ੍ਹ ਤੋਂ ਪਲਵਲ ਤੱਕ ਮੈਟਰੋ ਵਿਸਤਾਰ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਖੇਡ ਮੰਤਰੀ ਗੌਰਵ ਗੌਤਮ ਦੇ ਯਤਨਾਂ ਸਦਕਾ ਇਸ ਪ੍ਰੋਜੈਕਟ ਨੂੰ ਜ਼ਮੀਨ ‘ਤੇ ਲਿਆਉਣ ਵਿੱਚ ਸਫ਼ਲਤਾ ਮਿਲੀ ਹੈ। ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰਾਲੇ ਵੱਲੋਂ ਦਿੱਤੇ ਗਏ ਮੈਟਰੋ ਵਿਸਤਾਰ ਪ੍ਰੋਜੈਕਟ ‘ਤੇ 4,320 ਕਰੋੜ ਰੁਪਏ ਦੀ ਲਾਗਤ ਆਵੇਗੀ।

ਦਿੱਲੀ ਤੱਕ ਆਸਾਨ ਹੋਵੇਗੀ ਯਾਤਰਾ

ਖੇਡ ਮੰਤਰੀ ਗੌਰਵ ਗੌਤਮ ਨੇ ਆਖਿਆ ਕਿ ਮੈਟਰੋ ਦੇ ਵਧਾਉਣ ਨਾਲ ਦਿੱਲੀ- ਫਰੀਦਾਬਾਦ- ਪਲਵਲ ਦੇ ਵਿਚਕਾਰ ਸਫ਼ਰ ਕਰਨ ਵਾਲਿਆਂ ਨੂੰ ਜਨਤਕ ਆਵਾਜਾਈ ਕਨੈਕਟੀਵਿਟੀ ਦੇ ਰੂਪ ਵਿੱਚ ਤੇਜ਼ ਗਤੀ ਦਾ ਵਿਕਲਪ ਮਿਲੇਗਾ। ਇਸ ਰੂਟ ‘ਤੇ ਮੈਟਰੋ ਚਲਾਉਣ ਨਾਲ ਯਾਤਰੀਆਂ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ ਅਤੇ ਉਨ੍ਹਾਂ ਦੇ ਸਫ਼ਰ ਦੇ ਸਮੇਂ ਵਿੱਚ ਬਚਤ ਆਵੇਗੀ। ਮੈਟਰੋ ਚਲਾਉਣ ਨਾਲ ਦਿੱਲੀ- ਆਗਰਾ ਹਾਈਵੇਅ (NH-19) ‘ਤੇ ਟ੍ਰੈਫਿਕ ਦੇ ਦਬਾਅ ਨੂੰ ਘੱਟ ਕਰਨ ਵਿੱਚ ਸਫ਼ਲਤਾ ਮਿਲੇਗੀ।

ਪਲਵਲ ਅਤੇ ਫਰੀਦਾਬਾਦ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਸਕੂਲ-ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਪਹੁੰਚਣ ਲਈ ਬੱਸਾਂ ਜਾਂ ਹੋਰ ਗੱਡੀਆਂ ਦਾ ਸਹਾਰਾ ਲੈਂਦੇ ਹਨ, ਪਰ ਟ੍ਰੈਫਿਕ ਜਾਮ ਅਤੇ ਜਨਤਕ ਆਵਾਜਾਈ ਦੀ ਘਾਟ ਹੋਣ ਕਾਰਨ ਸਮੇਂ ‘ਤੇ ਪਹੁੰਚਣ ਵਿੱਚ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹੇ ਵਿੱਚ ਮੈਟਰੋ ਦਾ ਸੰਚਾਲਨ ਸ਼ੁਰੂ ਹੋਣ ‘ਤੇ ਐਮਵੀਐਨ, ਲਿੰਗਿਆਜ, ਏਸ਼ੀਅਨ ਅਤੇ ਡੀਏਵੀ ਕਾਲਜ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਘੰਟਿਆਂ ਦਾ ਸਫ਼ਰ ਮਿੰਟਾਂ ਵਿੱਚ ਸਿਮਟ ਕੇ ਰਹਿ ਜਾਵੇਗਾ। ਦੱਸ ਦੇਈਏ ਕਿ ਬੱਲਭਗੜ੍ਹ ਤੋਂ ਪਲਵਲ ਤੱਕ ਮੈਟਰੋ ਵਿਸਤਾਰ ਪ੍ਰੋਜੈਕਟ ਦਾ ਐਲਾਨ ਸਾਲ 2023 ਵਿੱਚ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ ਸੀ।

24 ਕਿਲੋਮੀਟਰ ਲੰਬਾ ਹੋਵੇਗਾ ਟ੍ਰੈਕ

ਮੈਟਰੋ ਨੈੱਟਵਰਕ ਦੇ ਵਿਸਤਾਰ ਨਾਲ ਫਰੀਦਾਬਾਦ ਅਤੇ ਪਲਵਲ ਦੇ ਵਿਚਕਾਰ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ। ਪਲਵਲ ਵਿੱਚ ਨਵੀਆਂ ਉਦਯੋਗਿਕ ਇਕਾਈਆਂ ਆਉਣ ਦੀ ਉਮੀਦ ਬਣੇਗੀ ਕਿਉਂਕਿ ਮੈਟਰੋ ਦੇ ਰੂਪ ਵਿੱਚ ਆਸਾਨ ਕੁਨੈਕਟੀਵਿਟੀ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣੇਗੀ। ਪਲਵਲ ਖੇਤਰ ਵਿੱਚ ਰੁਜ਼ਗਾਰ ਦੇ ਲਿਹਾਜ਼ ਨਾਲ ਇਹ ਮੈਟਰੋ ਲਾਈਨ ਵੱਡਾ ਬਦਲਾਅ ਲਿਆਉਣ ਦਾ ਕੰਮ ਕਰੇਗੀ।

ਦੱਸਿਆ ਜਾ ਰਿਹਾ ਹੈ ਕਿ 24 ਕਿਲੋਮੀਟਰ ਲੰਬੇ ਇਸ ਰੂਟ ‘ਤੇ 10 ਤੋਂ ਵੱਧ ਥਾਵਾਂ ‘ਤੇ ਮੈਟਰੋ ਸਟੇਸ਼ਨ ਬਣਨਗੇ। ਟੈਕਨੋ-ਫਿਜ਼ੀਬਿਲਿਟੀ ਸਰਵੇਖਣ ਤੋਂ ਬਾਅਦ ਸਟੇਸ਼ਨਾਂ ਦੀ ਗਿਣਤੀ ਘਟ ਜਾਂ ਵੱਧ ਸਕਦੀ ਹੈ। ਇਸ ਸਰਵੇਖਣ ਦਾ ਜ਼ਿੰਮਾ ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (ਰਾਈਟਸ) ਨੂੰ ਸੌਂਪਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ 3 ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਮੈਟਰੋ ਬੱਲਭਗੜ੍ਹ ਸਥਿਤ ਰਾਜਾ ਨਾਹਰ ਸਿੰਘ ਸਟੇਸ਼ਨ ਤੋਂ ਲੈ ਕੇ ਪਲਵਲ ਬੱਸ ਅੱਡੇ ਤੱਕ ਚੱਲੇਗੀ।

NO COMMENTS

LEAVE A REPLY

Please enter your comment!
Please enter your name here

Exit mobile version