ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਰਮਲਿਨ ਦੀ ਭਾਰਤ ਫੇਰੀ ਦੌਰਾਨ ਨਵੀਂ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਖੇ ਵਿਸ਼ੇਸ਼ ਮੁਲਾਕਾਤ ਅਤੇ ਸਵਾਗਤ ਸਮਾਰੋਹ ਹੋਇਆ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ।
ਇਸ ਇਤਿਹਾਸਕ ਮੌਕੇ ’ਤੇ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਡਾ. ਜਗਜੀਤ ਸਿੰਘ ਦਰਦੀ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨਾਲ ਡਾ. ਦਰਦੀ ਦੀ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਪੱਤਰਕਾਰੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ।
ਭਾਰਤ-ਸਵਿਟਜ਼ਰਲੈਂਡ ਸਬੰਧਾਂ ’ਤੇ ਹੋਈ ਚਰਚਾ
ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਆਰਥਿਕ ਸਹਿਯੋਗ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤ ਅਤੇ ਸਵਿਟਜ਼ਰਲੈਂਡ ਵਿਚਕਾਰ ਵਧ ਰਹੀ ਸਾਂਝੇਦਾਰੀ ਨੂੰ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਦੱਸਿਆ ਗਿਆ।
ਇਸ ਮੌਕੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਆਪਣੇ ਦੇਸ਼ ਦੇ ਲੰਬੇ ਸਮੇਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਦੀ ਤਰੱਕੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਭਵਿੱਖੀ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵੀ ਗੱਲ ਕੀਤੀ।
ਡਾ. ਦਰਦੀ ਦੀ ਮੌਜੂਦਗੀ ਰਹੀ ਖਾਸ
ਪਦਮਸ਼੍ਰੀ ਡਾ. ਜਗਜੀਤ ਸਿੰਘ ਦਰਦੀ ਦੀ ਇਸ ਅਹਿਮ ਸਮਾਗਮ ਵਿੱਚ ਸ਼ਮੂਲੀਅਤ ਨੂੰ ਵਿਸ਼ੇਸ਼ ਮਹੱਤਵ ਮਿਲਿਆ। ਪੱਤਰਕਾਰੀ, ਸਮਾਜ ਸੇਵਾ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਪ੍ਰਧਾਨ ਮੰਤਰੀ ਵੱਲੋਂ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਮਿੱਤਰਤਾ ਅਤੇ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ’ਤੇ ਵੀ ਜ਼ੋਰ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ Chardikala Time TV ਨੂੰ ਕਰੋ Subscribe:-
Facebook:- https://www.facebook.com/Chardiklatimetvlive
