ਜੰਮੂ : ਜੰਮੂ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਸ਼ਿਵਾ ਮਾਰਕੀਟ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਨੇ ਦੇਖਦੇ ਹੀ ਦੇਖਦੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਜੁੱਟੀਆਂ ਹੋਇਆ ਹਨ। ਇਸ ਹਾਦਸੇ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦਾ ਖਦਸ਼ਾ ਹੈ। ਘਟਨਾ ਸਥਾਨ ‘ਤੇ ਪਹੁੰਚੇ ਭਾਜਪਾ ਵਿਧਾਇਕ ਵਿਕਰਮ ਰੰਧਾਵਾ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਸ਼ਿਵਾ ਮਾਰਕੀਟ ਇੱਕ ਵੱਡਾ ਵਪਾਰਕ ਕੇਂਦਰ ਹੈ। ਇਸ ਵਿੱਚ ਸੁੱਕੇ ਮੇਵੇ, ਕੰਬਲ ਅਤੇ ਹੋਰ ਸਮਾਨ ਵੇਚਣ ਵਾਲੀਆਂ ਦੁਕਾਨਾਂ ਹਨ। ਇਸ ਵਿੱਚ ਖਾਣ-ਪੀਣ ਦੀਆਂ ਦੁਕਾਨਾਂ ਅਤੇ ਢਾਬੇ ਵੀ ਮੌਜੂਦ ਹਨ।
ਵਿਧਾਇਕ ਵਿਕਰਮ ਰੰਧਾਵਾ ਦੇ ਅਨੁਸਾਰ, ਇੱਕ ਦੁਕਾਨ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਆਲੇ-ਦੁਆਲੇ ਦੀਆਂ ਦੁਕਾਨਾਂ ਵਿੱਚ ਫੈਲ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਅੱਗ ਨੇ ਪੂਰੇ ਬਾਜ਼ਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ।
35 ਤੋਂ 40 ਦੁਕਾਨਾਂ ਪੂਰੀ ਤਰ੍ਹਾਂ ਤਬਾਹ
ਵਿਕਰਮ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਲਗਭਗ 35 ਤੋਂ 40 ਦੁਕਾਨਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹਾਲਾਂਕਿ, ਨੁਕਸਾਨ ਦਾ ਸਹੀ ਮੁਲਾਂਕਣ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਹੀ ਸੰਭਵ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਦੁਕਾਨਦਾਰ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਡਿਪਟੀ ਕਮਿਸ਼ਨਰ (ਡੀਸੀ), ਐਸ.ਪੀ. ਸਾਊਥ, ਡੀ.ਐਸ.ਪੀ. ਅਤੇ ਐਸ.ਐਚ.ਓ. ਸਮੇਤ ਪੂਰੀ ਪੁਲਿਸ ਅਤੇ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਮੌਜੂਦ ਹੈ। ਸਿਵਲ ਸੁਸਾਇਟੀ ਦੇ ਮੈਂਬਰ ਵੀ ਰਾਹਤ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ।
ਭਾਜਪਾ ਵਿਧਾਇਕ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਵੇਲੇ ਪਹਿਲ ਅੱਗ ‘ਤੇ ਕਾਬੂ ਪਾਉਣਾ ਹੈ। ਇਸ ਤੋਂ ਬਾਅਦ, ਪ੍ਰਭਾਵਿਤ ਦੁਕਾਨਦਾਰਾਂ ਲਈ ਮੁਆਵਜ਼ੇ ਬਾਰੇ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
